ਚੰਡੀਗੜ੍ਹ, 11 ਮਾਰਚ : ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਭਰੋਸਾ ਦਿੱਤਾ ਕਿ ਗੰਗ ਨਹਿਰ ਤੋਂ ਨਿਕਲਣ ਵਾਲੀ ਕਾਨਿਆਂਵਾਲੀ ਮਾਈਨਰ ਵਿੱਚ ਪਾਣੀ ਦੇ ਸੁਚਾਰੂ ਪ੍ਰਵਾਹ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਕੋਈ ਕਮੀ ਨਾ ਆਵੇ।
ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਕਾਨਿਆਂਵਾਲੀ ਮਾਈਨਰ ਦੇ ਕੰਕਰੀਟੀਕਰਨ ਅਤੇ ਚੌੜਾਕਰਨ ਸਬੰਧੀ ਸਵਾਲ ਪੁੱਛਿਆ ਗਿਆ ਸੀ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਕਾਨਿਆਂਵਾਲੀ ਮਾਈਨਰ ਦੀ ਲੰਬਾਈ 28,000 ਫੁੱਟ ਹੈ ਅਤੇ ਇਸਦੀ ਡਿਜ਼ਾਈਨ ਡਿਸਚਾਰਜ ਸਮਰੱਥਾ 24.95 ਕਿਊਸਿਕ ਹੈ। ਉਨ੍ਹਾਂ ਦੱਸਿਆ ਕਿ ਇਸ ਮਾਈਨਰ ਨੂੰ ਸਾਲ 1995 ਵਿੱਚ ਇੱਟਾਂ ਨਾਲ ਬੰਨ੍ਹਿਆ ਗਿਆ ਸੀ।
ਬਰਿੰਦਰ ਗੋਇਲ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਟੇਲ ਗੇਜ ਡੇਟਾ ਅਨੁਸਾਰ ਇਹ ਨਹਿਰ ਆਪਣੀ ਡਿਜ਼ਾਈਨ ਸਮਰੱਥਾ ਦਾ 114 ਪ੍ਰਤੀਸ਼ਤ ਪਾਣੀ ਲੈ ਕੇ ਜਾ ਰਹੀ ਹੈ, ਜੋ ਕਿ ਇਸਦੀ ਨਿਰਧਾਰਤ ਸਮਰੱਥਾ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਡਿਸਚਾਰਜ ਸਮਰੱਥਾ ਕਾਫ਼ੀ ਹੋਣ ਕਾਰਨ ਇਸ ਵੇਲੇ ਕੰਕਰੀਟ ਲਾਈਨਿੰਗ ਜਾਂ ਇਸ ਨੂੰ ਹੋਰ ਚੌੜਾ ਕਰਨ ਦੀ ਕੋਈ ਤੁਰੰਤ ਲੋੜ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਇਸ ਮਾਈਨਰ ‘ਤੇ ਪਹਿਲਾਂ ਪੈਚਵਰਕ ਦਾ ਕੰਮ ਕੀਤਾ ਗਿਆ ਸੀ, ਪਰ ਜੇਕਰ ਭਵਿੱਖ ਵਿੱਚ ਇਸ ਦੀ ਸਮਰੱਥਾ ਵਧਾਉਣ ਜਾਂ ਮੁਰੰਮਤ ਲਈ ਕਿਸੇ ਵੀ ਹੋਰ ਕੰਮ ਦੀ ਲੋੜ ਪਈ, ਤਾਂ ਸਰਕਾਰ ਉਸ ਨੂੰ ਪਹਿਲ ਦੇ ਆਧਾਰ ‘ਤੇ ਕਰਵਾਏਗੀ ਤਾਂ ਜੋ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
Read More : ਤੇਲ ਸੰਕਟ ਦੀ ਮਾਰ ਹੇਠ ਪਾਕਿਸਤਾਨ: ਸਕੂਲ 2 ਹਫ਼ਤੇ ਲਈ ਬੰਦ, ਸਰਕਾਰੀ ਦਫ਼ਤਰਾਂ ’ਚ ਹੁਣ 4 ਦਿਨ ਹੋਵੇਗਾ ਕੰਮ
