2 ਬੱਚਿਆਂ ਸਮੇਤ 12 ਲੋਕ ਜ਼ਖ਼ਮੀ, ਜੇ.ਸੀ.ਬੀ. ਦੀ ਮਦਦ ਨਾਲ ਵਾਹਨ ਹਟਾ ਕੇ ਟ੍ਰੈਫਿਕ ਕਰਵਾਇਆ ਬਹਾਲ
ਬਟਾਲਾ, 15 ਫਰਵਰੀ : ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਬਟਾਲਾ ਦੇ ਨਜ਼ਦੀਕ ਪਿੰਡ ਗਿੱਲਾਂਵਾਲੀ ਨੇੜੇ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਫ਼ੌਜ ਦੀ ਇਕ ਬੱਸ ਸਮੇਤ ਲਗਭਗ 8 ਵਾਹਨ ਆਪਸ ’ਚ ਟਕਰਾ ਗਏ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਟੱਕਰ ’ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ 2 ਬੱਚਿਆਂ ਅਤੇ 12 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕਸਾਰ ਬੀਤੇ ਕੱਲ੍ਹ ਦੀ ਤਰ੍ਹਾਂ ਬੇਹੱਦ ਸੰਘਣੀ ਧੁੰਦ ਪਈ ਹੋਈ ਸੀ। ਇਸ ਦੌਰਾਨ ਹਾਈਵੇਅ ’ਤੇ ਲੰਘ ਰਹੇ ਟਿੱਪਰ, ਟਰੱਕ ਅਤੇ ਬੱਸਾਂ ਦੀ ਆਪਸ ’ਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਨ੍ਹਾਂ ’ਚੋਂ ਕੁਝ ਵਾਹਨ ਸੜਕ ’ਤੇ ਹੀ ਪਲਟ ਗਏ। ਖ਼ਾਸ ਗੱਲ ਇਹ ਰਹੀ ਕਿ ਟਕਰਾਉਣ ਵਾਲੇ ਵਾਹਨਾਂ ’ਚ ਫ਼ੌਜ ਦੀਆਂ 2 ਬੱਸਾਂ ਵੀ ਸ਼ਾਮਲ ਸਨ।
ਇਨ੍ਹਾਂ ਹਾਦਸਿਆਂ ’ਚ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਰਾਕੇਸ਼ ਕੁਮਾਰ (ਕੈਂਟਰ ਚਾਲਕ, ਵਾਸੀ ਕਠੂਆ), 5 ਸਾਲਾ ਬੱਚਾ ਸ਼ਾਂਤਵੀਕ, 9 ਸਾਲਾ ਸੂਰਜ, ਰਾਜਬੀਰ ਕੌਰ (ਵਾਸੀ ਮੁਕੇਰੀਆਂ) ਅਤੇ ਫ਼ੌਜ ਦੇ ਜਵਾਨਾਂ ਸੁਰੇਸ਼ ਤੇ ਨਵੀਨ ਕੁਮਾਰ ਵਜੋਂ ਹੋਈ ਹੈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਚੌਕੀ ਦਿਆਲਗੜ੍ਹ ਦੇ ਇੰਚਾਰਜ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਵਾਹਨਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ, ਇਸ ਦੌਰਾਨ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ ਅਤੇ ਰੁਕੀ ਹੋਈ ਆਵਾਜਾਈ ਨੂੰ ਮੁੜ ਸੁਚਾਰੂ ਰੂਪ ’ਚ ਬਹਾਲ ਕਰਵਾਇਆ।
Read More : 10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ
