ਸੀ. ਬੀ. ਆਈ. ਨੂੰ ਵਿਚੋਲੀਏ ਕ੍ਰਿਸ਼ਨੂ ਦਾ 9 ਦਿਨ ਦਾ ਰਿਮਾਂਡ ਮਿਲਿਆ
ਚੰਡੀਗੜ੍ਹ, 29 ਅਕਤੂਬਰ : ਸੀ. ਬੀ. ਆਈ. ਨੇ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਭੁੱਲਰ ਨੇ 1 ਅਗਸਤ ਤੋਂ 17 ਅਕਤੂਬਰ, 2025 ਵਿਚਕਾਰ ਅਣਪਛਾਤੇ ਵਿਅਕਤੀਆਂ ਨਾਲ ਮਿਲੀਭੁਗਤ ਕਰ ਕੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ।
ਭੁੱਲਰ ਆਮਦਨ ਤੋਂ ਵੱਧ ਜਾਇਦਾਦ ਸਬੰਧੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਸ ਲਈ ਸੀ. ਬੀ. ਆਈ. ਨੇ ਇੰਸਪੈਕਟਰ ਸੋਨਲ ਮਿਸ਼ਰਾ ਦੇ ਬਿਆਨਾਂ ’ਤੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ, 1988 (2018 ’ਚ ਸੋਧਿਆ ਗਿਆ) ਦੀ ਧਾਰਾ 13(2) ਅਤੇ ਬੀ. ਐੱਨ. ਐੱਸ. 2023 ਦੀ ਧਾਰਾ 61(2) ਤਹਿਤ ਮਾਮਲਾ ਦਰਜ ਕੀਤਾ ਹੈ।
ਸੀ. ਬੀ. ਆਈ. ਨੇ ਭੁੱਲਰ ਦੀ ਸੈਕਟਰ 40 ਸਥਿਤ ਕੋਠੀ ਨੰਬਰ 1489 ਤੋਂ 7 ਕਰੋੜ 36 ਲੱਖ 90 ਹਜ਼ਾਰ ਰੁਪਏ ਨਕਦ, 2 ਕਰੋੜ 32 ਲੱਖ 7 ਹਜ਼ਾਰ 686 ਰੁਪਏ ਦੇ ਸੋਨੇ- ਚਾਂਦੀ ਦੇ ਗਹਿਣੇ, 26 ਬ੍ਰਾਂਡਡ ਤੇ ਮਹਿੰਗੀਆਂ ਘੜੀਆਂ ਵੀ ਬਰਾਮਦ ਕੀਤੀਆਂ ਸਨ। ਭੁੱਲਰ ਤੇ ਪਰਿਵਾਰਕ ਮੈਂਬਰਾਂ ਕੋਲ ਮਰਸੀਡੀਜ਼, ਔਡੀ, ਇਨੋਵਾ ਤੇ ਫਾਰਚੂਨਰ ਵਰਗੀਆਂ ਮਹਿੰਗੀਆਂ ਕਾਰਾਂ ਸਮੇਤ ਪੰਜ ਵਾਹਨ ਮਿਲੇ ਸਨ, ਜਿਨ੍ਹਾਂ ਦੀ ਕੀਮਤ 2 ਕਰੋੜ 95 ਲੱਖ ਰੁਪਏ ਹੈ।
ਸੀ. ਬੀ. ਆਈ. ਨੇ ਭੁੱਲਰ ਤੋਂ ਅਚੱਲ ਜਾਇਦਾਦ ਦੇ ਦਸਤਾਵੇਜ਼ ਵੀ ਜ਼ਬਤ ਕੀਤੇ ਹਨ, ਜਿਨ੍ਹਾਂ ਵਿਚ ਸੈਕਟਰ 40 ਸਥਿਤ ਕੋਠੀ ਨੰਬਰ 1489, ਸੈਕਟਰ 39 ’ਚ ਫਲੈਟ ਨੰਬਰ 1014 ਦੇ ਕਾਗ਼ਜ਼ਾਤ ਤੇ ਮੋਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਜ਼ਿਲਿਆਂ ’ਚ ਲਗਭਗ 150 ਏਕੜ ਖੇਤੀਬਾੜੀ ਜ਼ਮੀਨ ਦੇ ਐਕਵਾਇਰ ਨਾਲ ਸਬੰਧਤ ਦਸਤਾਵੇਜ਼ ਬਰਾਮਦ ਹੋਏ ਹਨ। ਇਨ੍ਹਾਂ ’ਚ ਹਰਚਰਨ ਭੁੱਲਰ, ਪਤਨੀ ਤੇਜਿੰਦਰ ਕੌਰ ਭੁੱਲਰ, ਪੁੱਤਰ ਗੁਰਪ੍ਰਤਾਪ ਸਿੰਘ ਭੁੱਲਰ, ਧੀ ਤੇਜਕਿਰਨ ਕੌਰ ਭੁੱਲਰ ਅਤੇ ਹੋਰਾਂ ਦੇ ਨਾਂ ’ਤੇ ਵਪਾਰਕ ਜਾਇਦਾਦਾਂ ਸ਼ਾਮਲ ਹਨ।
ਉਧਰ, ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 9 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ। ਇਹ ਰਿਮਾਂਡ ਡੀ. ਆਈ. ਜੀ. ਭੁੱਲਰ ਤੇ ਵਿਚੋਲੀਏ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਖ਼ਤਮ ਹੋਣ ਤੋਂ ਠੀਕ ਦੋ ਦਿਨ ਪਹਿਲਾਂ ਮਿਲਿਆ ਹੈ। 31 ਅਕਤੂਬਰ ਨੂੰ ਭੁੱਲਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ੀ ਹੋਣੀ ਹੈ।
Read More : ਜਥੇਬੰਦੀਆਂ ਨੇ ਮਾਨਸਾ ਸ਼ਹਿਰ ਕੀਤਾ ਬੰਦ
