ਟਰਾਲਿਆਂ ਦੇ ਅਚਾਨਕ ਬ੍ਰੇਕ ਲਾਉਣ ਨਾਲ ਵਾਪਰਿਆ ਹਾਦਸਾ
ਨੂਹ, 18 ਜਨਵਰੀ : –ਹਰਿਆਣਾ ਦੇ ਨੂਹ ’ਚ ਐਤਵਾਰ ਸਵੇਰੇ ਕੇ. ਐੱਮ. ਪੀ. ਐਕਸਪ੍ਰੈੱਸ-ਵੇਅ ’ਤੇ ਤੇਜ਼ ਰਫਤਾਰ 5 ਵਾਹਨ ਆਪਸ ’ਚ ਟਕਰਾਅ ਗਏ। ਹਾਦਸਾ ਇੰਨਾ ਭਿਆਨਕ ਸੀ ਕੁਝ ਵਾਹਨਾਂ ਨੂੰ ਅੱਗ ਲੱਗ ਗਈ। ਇਕ ਕੈਂਟਰ ਨੂੰ ਲੱਗੀ ਨਾਲ ਵਾਹਨ ਦਾ ਡਰਾਈਵਰ ਤੇ ਉਸ ਦਾ ਸਾਥੀ ਜ਼ਿੰਦਾ ਸੜ ਗਏ। ਹਾਦਸੇ ਕਾਰਨ ਐਕਸਪ੍ਰੈੱਸ-ਵੇਅ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਇਹ ਹਾਦਸਾ ਥਾਣਾ ਮੁਹੰਮਦਪੁਰ ਅਹੀਰ ਖੇਤਰ ਦੇ ਅਧੀਨ ਪੈਂਦੇ ਪਿੰਡ ਸਬਰਸ ਦੇ ਕੋਲ ਸਵੇਰੇ ਲੱਗਭਗ 8.30 ਵਜੇ ਹੋਇਆ। ਚਸ਼ਮਦੀਦਾਂ ਅਨੁਸਾਰ ਐਕਸਪ੍ਰੈੱਸ-ਵੇਅ ’ਤੇ ਤੇਜ਼ ਰਫਤਾਰ ਨਾਲ ਚੱਲ ਰਹੇ 2 ਟਰਾਲਿਆਂ ਨੇ ਅਚਾਨਕ ਬ੍ਰੇਕ ਲਾ ਦਿੱਤੀ। ਪਿੱਛੇ ਤੋਂ ਤੇਜ਼ ਰਫ਼ਤਾਰ ਇਕ ਕੰਟੇਨਰ ਟਰਾਲਿਆਂ ਨਾਲ ਟਕਰਾਅ ਗਿਆ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੇ 2 ਹੋਰ ਟਰੱਕ ਵੀ ਕੰਟੇਨਰ ’ਚ ਜਾ ਵੱਜੇ।
ਕੁਝ ਹੀ ਸਕਿੰਟਾਂ ’ਚ ਐਕਸਪ੍ਰੈੱਸ-ਵੇਅ ’ਤੇ 5 ਭਾਰੀ ਵਾਹਨ ਇਕ-ਦੂਜੇ ਨਾਲ ਟਕਰਾਅ ਗਏ। ਟੱਕਰ ਇੰਨੀ ਭਿਆਨਕ ਸੀ ਕਿ ਮਾਈਨਿੰਗ ਸਮੱਗਰੀ ਨਾਲ ਲੱਦਿਆ ਇਕ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉੱਥੇ ਹੀ ਟਰਾਲਿਆਂ ’ਚ ਅਚਾਨਕ ਅੱਗ ਭੜਕ ਗਈ। ਅੱਗ ਨੇ ਦੇਖਦੇ ਹੀ ਦੇਖਦੇ ਟਰਾਲਿਆਂ ਦੇ ਨਾਲ-ਨਾਲ ਕੋਲ ਖੜ੍ਹੇ ਕੈਂਟਰ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ।
ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕੈਂਟਰ ਦੇ ਕੈਬਿਨ ’ਚ ਬੈਠੇ ਡਰਾਈਵਰ ਅਤੇ ਉਸ ਦਾ ਸਾਥੀ ਬਾਹਰ ਨਹੀਂ ਨਿਕਲ ਸਕੇ ਅਤੇ ਦੋਵੇਂ ਕੈਬਿਨ ਦੇ ਅੰਦਰ ਹੀ ਜ਼ਿੰਦਾ ਸੜ ਗਏ। ਮ੍ਰਿਤਕਾਂ ਦੀ ਪਛਾਣ ਰਾਕੇਸ਼ (30) ਨਿਵਾਸੀ ਰਾਜਸਥਾਨ ਅਤੇ ਉਸ ਦੇ ਸਾਥੀ ਦੇਸ ਰਾਜ ਵਜੋਂ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਮੁਰਦਾਘਰ ’ਚ ਰਖਵਾਇਆ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਜਿਨ੍ਹਾਂ 2 ਟਰਾਲਿਆਂ ਨੇ ਅਚਾਨਕ ਬ੍ਰੇਕ ਲਾਈ ਸੀ, ਉਨ੍ਹਾਂ ਦੇ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਕ੍ਰੇਨ ਦੀ ਮਦਦ ਨਾਲ ਨੁਕਸਾਨੇ ਗਏ ਵਾਹਨਾਂ ਨੂੰ ਹਟਵਾਇਆ ਗਿਆ।
Read More : ਮੇਰਾ ਕਿਸੇ ਨੂੰ ਨਾਰਾਜ਼ ਕਰਨ ਦਾ ਇਰਾਦਾ ਨਹੀਂ ਸੀ : ਏ.ਆਰ. ਰਹਿਮਾਨ
