ਬਠਿੰਡਾ-ਡੱਬਵਾਲੀ ਮਾਰਗ

ਬਠਿੰਡਾ-ਡੱਬਵਾਲੀ ਮਾਰਗ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤ

ਮੰਦਰ ’ਚ ਮੱਥਾ ਟੇਕ ਕੇ ਪਰਤ ਰਹੇ ਸਨ ਮਜ਼ਦੂਰ ਨੌਜਵਾਨ; 5 ਜ਼ਖਮੀ

ਬਠਿੰਡਾ, 29 ਮਾਰਚ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪਿੰਡ ਮਛਾਣਾ ਦੇ ਪੈਟਰੋਲ ਪੰਪ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ’ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਬਠਿੰਡਾ ਦੇ ਏਮਜ਼ ਹਸਪਤਾਲ ਪਹੁੰਚਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ ਤੇ ਵਿੱਕੀ ਸਿੰਘ (ਵਾਸੀ ਮੱਲਵਾਲਾ) ਅਤੇ ਪ੍ਰੇਮ ਸਿੰਘ (ਵਾਸੀ ਗੁਰੂਸਰ ਸੈਣੇਵਾਲਾ) ਬੀਤੀ ਸ਼ਾਮ ਪਿੰਡ ਜੱਸੀ ਬਾਗਵਾਲੀ ਵਿਖੇ ਇਤਿਹਾਸਕ ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਪ੍ਰੇਮ ਸਿੰਘ ਆਪਣੇ ਦੋਸਤਾਂ ਨੂੰ ਛੱਡਣ ਲਈ ਜਦੋਂ ਮੋਟਰਸਾਈਕਲ ਗਲਤ ਸਾਈਡ ਤੋਂ ਭਾਰਤ ਮਾਲਾ ਸੜਕ ’ਤੇ ਚੜ੍ਹਾਉਣ ਲੱਗਾ, ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਸੰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਆਵਾਜਾਈ ਬਹਾਲ ਕਰਵਾ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਤਿੰਨੋਂ ਨੌਜਵਾਨਾਂ ਨੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਤਿੰਨੇ ਨੌਜਵਾਨ ਮਿਹਨਤ-ਮਜ਼ਦੂਰੀ ਕਰਦੇ ਸਨ।

ਥਾਣਾ ਸੰਗਤ ਦੀ ਪੁਲਸ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ’ਤੇ ਕਾਰ ਚਾਲਕ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਨੌਜਵਾਨਾਂ ਦੀ ਅਚਾਨਕ ਮੌਤ ਕਾਰਨ ਇਲਾਕੇ ’ਚ ਮਾਤਮ ਦਾ ਮਾਹੌਲ ਹੈ।

Read More : ਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਤੇ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤ

Leave a Reply

Your email address will not be published. Required fields are marked *