ਰੋਹਤਾਂਗ ਤੇ ਕੁੰਜੁਮ ਦੱਰੇ ਸਮੇਤ ਕਈ ਪ੍ਰਮੁੱਖ ਮਾਰਗ ਬੰਦ, ਪ੍ਰਸ਼ਾਸਨ ਵੱਲੋਂ ਸੈਲਾਨੀਆਂ ਲਈ ਅਲਰਟ ਜਾਰੀ
ਸ਼ਿਮਲਾ, 29 ਮਾਰਚ : ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ’ਚ ਹੋਈ ਤਾਜ਼ਾ ਬਰਫ਼ਬਾਰੀ ਅਤੇ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ, ਜਿਸ ਕਾਰਨ ਸੂਬੇ ’ਚ ਠੰਢ ਇਕ ਵਾਰ ਫਿਰ ਵਧ ਗਈ ਹੈ। ਲਾਹੌਲ-ਸਪਿਤੀ ਜ਼ਿਲਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਤਿਲਕਣ ਭਰੀਆਂ ਸੜਕਾਂ ’ਤੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਖ਼ਤ ਸਲਾਹ ਦਿੱਤੀ ਹੈ।
ਜ਼ਿਲਾ ਐਮਰਜੈਂਸੀ ਰਿਪੋਰਟ ਅਨੁਸਾਰ ਰੋਹਤਾਂਗ ਦੱਰਾ, ਕੇਲਾਂਗ ਖੇਤਰ, ਕੁੰਜੁਮ ਦੱਰਾ, ਕਿੰਨੌਰ ਅਤੇ ਸ਼੍ਰੀਖੰਡ ਕੈਲਾਸ਼ ਸਮੇਤ ਕਈ ਉਚਾਈ ਵਾਲੇ ਖੇਤਰਾਂ ’ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਰੋਹਤਾਂਗ ਅਤੇ ਕੁੰਜੁਮ ਦੱਰੇ ਸਮੇਤ ਕਈ ਪ੍ਰਮੁੱਖ ਮਾਰਗਾਂ ’ਤੇ ਆਵਾਜਾਈ ਠੱਪ ਹੋ ਗਈ ਹੈ, ਜਿਸ ਨਾਲ ਅੰਤਰ-ਘਾਟੀ ਸੰਪਰਕ ਵੀ ਟੁੱਟ ਗਿਆ ਹੈ।
ਪੁਲਸ ਨੇ ਬਰਫ਼ ਦੇ ਤੋਦੇ ਡਿੱਗਣ (Avalanche), ਜ਼ਮੀਨ ਖਿਸਕਣ ਅਤੇ ਹਾਈਵੇਅ ਬੰਦ ਹੋਣ ਦੇ ਖ਼ਦਸ਼ੇ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ। ਸਵੇਰ ਤੋਂ ਹੀ ਸੂਬੇ ਦੇ ਕਈ ਹਿੱਸਿਆਂ ’ਚ ਗਰਜ-ਚਮਕ ਦੇ ਨਾਲ ਪੈ ਰਹੇ ਮੀਂਹ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸਮੇਂ ’ਚ ਦਿਨ ਦੇ ਤਾਪਮਾਨ ’ਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ।
Read More : ਵਿਧਾਇਕ ਪਠਾਣਮਾਜਰਾ ਮੁੜ 7 ਦਿਨਾਂ ਦੇ ਪੁਲਸ ਰਿਮਾਂਡ ’ਤੇ, ਪਾਸਪੋਰਟ ਕਬਜ਼ੇ ’ਚ
