2 ਵਾਲ-ਵਾਲ ਬਚੇ
ਗੁਰਦਾਸਪੁਰ, 20 ਸਤੰਬਰ : ਗੁਰਦਾਸਪੁਰ ਜ਼ਿਲੇ ਵਿਚ ਪਿੰਡ ਗਿੱਲਮੰਝ ਦੇ 2 ਮਜ਼ਦੂਰਾਂ ਦੀ ਪਿੰਡ ਨੰਗਲਝੌਰ ’ਚ ਇਕ ਕਿਸਾਨ ਦੇ ਖੇਤ ਵਿਚ ਝੋਨੇ ’ਚ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਦਕਿ 2 ਮਜ਼ਦੂਰ ਵਾਲ-ਵਾਲ ਬਚ ਗਏ ਹਨ। ਮ੍ਰਿਤਕਾਂ ਦੀ ਪਛਾਣ ਜਗਤਾਰ ਮਸੀਹ ਪੁੱਤਰ ਕਸ਼ਮੀਰ ਮਸੀਹ ਅਤੇ ਰਾਜਨ ਮਸੀਹ ਪੁੱਤਰ ਅਮਰੀਕ ਮਸੀਹ ਵਜੋਂ ਹੋਈ ਹੈ, ਜੋ ਆਪਣੇ ਸਾਥੀ ਰਿੰਕੂ ਮਸੀਹ ਅਤੇ ਜੋਗਾ ਸਿੰਘ ਦੇ ਨਾਲ ਉਕਤ ਪਿੰਡ ਖੇਤ ’ਚ ਸਪਰੇਅ ਕਰਨ ਗਏ ਸਨ।
ਰਿੰਕੂ ਅਤੇ ਜੋਗਾ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਪਹੁੰਚ ਕੇ ਪਤਾ ਲੱਗਿਆ ਕਿ ਖੇਤ ’ਚ ਬਿਜਲੀ ਦੀ ਤਾਰ ਟੁੱਟੀ ਹੋਈ ਸੀ ਪਰ ਮਜ਼ਦੂਰਾਂ ਅਤੇ ਕਿਸਾਨ ਦੋਵਾਂ ਨੂੰ ਇਹ ਪਤਾ ਨਹੀਂ ਸੀ ਕਿ ਤਾਰ ’ਚ ਕਰੰਟ ਆ ਰਿਹਾ ਹੈ। ਇਸ ਦੌਰਾਨ ਜਗਤਾਰ ਮਸੀਹ ਅਤੇ ਰਾਜਨ ਮਸੀਹ ਕਰੰਟ ਦੀ ਲਪੇਟ ’ਚ ਆ ਗਏ ਅਤੇ ਮੌਕੇ ’ਤੇ ਹੀ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਨੇੜਲੇ ਸੀ. ਐੱਚ. ਸੀ. ਭਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕਾਂ ਦੀ ਘਰਵਾਲੀ ਮਮਤਾ ਨੇ ਦੱਸਿਆ ਕਿ ਉਸ ਦੇ 2 ਬੱਚੇ ਵੀ ਹਨ। ਪਿੰਡ ਦੇ ਵੱਡੇ ਅਤੇ ਹੋਰ ਵਾਸੀਆਂ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਪਾਵਰਕਾਮ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਸਬ-ਡਵੀਜ਼ਨ ਉਦਣਵਾਲ ਦੇ ਪਾਵਰਕਾਮ ਅਧਿਕਾਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਲਈ ਜੇਈ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੇ ਅਨੁਸਾਰ ਖੇਤ ’ਚ ਡਿੱਗਾ ਹੋਇਆ ਬਿਜਲੀ ਦਾ ਖੰਭਾ ਇਸ ਮਾਮਲੇ ਦਾ ਮੁੱਖ ਕਾਰਨ ਸੀ। ਇਸ ਡਿੱਗੇ ਖੰਭੇ ਦੀ ਪਾਵਰਕਾਮ ਦੇ ਦਫਤਰ ਨੂੰ ਪਹਿਲਾਂ ਕੋਈ ਸੂਚਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਘਟਨਾ ਦੀ ਪੂਰੀ ਤਫ਼ਤੀਸ਼ ਨਾਲ ਜਾਂਚ ਕੀਤੀ ਜਾ ਰਹੀ ਹੈ।
Read More : ਸਾਊਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਹੋਇਆ ਰੱਖਿਆ ਸਮਝੌਤਾ