6 ਸਾਲਾ ਬੱਚਾ ਜ਼ਖਮੀ
ਬਰਨਾਲਾ, 20 ਜੁਲਾਈ : ਪਿੰਡ ਘੁੰਨਸ ਨੇੜੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਪਿਕਅੱਪ ਗੱਡੀ ਦੀ ਲਪੇਟ ਵਿਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 6 ਸਾਲਾ ਬੱਚਾ ਜ਼ਖਮੀ ਹੋ ਗਿਆ।
ਮੁੱਦਈ ਰਨੋਜ ਠਾਕੁਰ ਪੁੱਤਰ ਸਤਿਆਦੇਵ ਠਾਕੁਰ ਵਾਸੀ ਕੋਰੀ ਮੰਡਲ ਟੋਲਾ ਪਿੰਡ ਜਾਨਕੀਨਗਰ ਚੱਕਲਾ ਜ਼ਿਲਾ ਪੂਰਨੀਆ, ਬਿਹਾਰ ਨੇ ਥਾਣਾ ਰੂੜੇਕੇ ਕਲਾਂ ਵਿਖੇ ਬਿਆਨ ਦਰਜ ਕਰਵਾਇਆ ਕਿ ਉਹ ਪੇਪਰ ਫੈਕਟਰੀ ਧੌਲਾ ’ਚ ਕੰਮ ਕਰਦਾ ਹੈ ਅਤੇ ਮ੍ਰਿਤਕ ਸੁਨੀਲ ਸਾਹ ਵੀ ਉਸੇ ਫੈਕਟਰੀ ’ਚ ਕੰਮ ਕਰਦਾ ਸੀ।
ਰਨੋਜ ਠਾਕੁਰ ਦੇ ਬਿਆਨ ਅਨੁਸਾਰ 17 ਜੁਲਾਈ ਨੂੰ ਸੁਨੀਲ ਸਾਹ ਦਾ 6 ਸਾਲਾ ਬੇਟਾ ਅਮਨ ਕੁਮਾਰ ਬਿਮਾਰ ਸੀ। ਸੁਨੀਲ ਸਾਹ ਆਪਣੇ ਬੇਟੇ ਨੂੰ ਦਵਾਈ ਦਿਵਾਉਣ ਲਈ ਪਿੰਡ ਘੁੰਨਸ ਲੈ ਕੇ ਗਏ ਸਨ। ਜਦੋਂ ਉਹ ਰਾਤ ਕਰੀਬ 9 ਵਜੇ ਫੈਕਟਰੀ ਵੱਲ ਗੰਦੇ ਨਾਲੇ ਵਾਲੀ ਸਾਈਡ ਤੋਂ ਵਾਪਸ ਆ ਰਹੇ ਸਨ ਤਾਂ ਇਕ ਪਿੱਕਅੱਪ ਗੱਡੀ ਨੰਬਰ ਤਪਾ ਸਾਈਡ ਤੋਂ ਬਹੁਤ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਆ ਰਹੀ ਸੀ।
ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਗੱਡੀ ਚਲਾਉਂਦਿਆਂ ਸੁਨੀਲ ਸਾਹ, ਪ੍ਰਕਾਸ਼ ਸਾਹ ਅਤੇ ਅਮਨ ਕੁਮਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਦੇ ਨਤੀਜੇ ਵਜੋਂ ਸੁਨੀਲ ਸਾਹ ਅਤੇ ਪ੍ਰਕਾਸ਼ ਸਾਹ ਨੂੰ ਜ਼ਿਆਦਾ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਬੱਚੇ ਅਮਨ ਕੁਮਾਰ ਨੂੰ ਵੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਥਾਣਾ ਰੂੜੇਕੇ ਕਲਾਂ ਪੁਲਸ ਨੇ ਮੁਦਈ ਰਨੋਜ ਠਾਕੁਰ ਦੇ ਬਿਆਨਾਂ ਦੇ ਆਧਾਰ ’ਤੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲੇ ਅਣਪਛਾਤੇ ਪਿੱਕਅੱਪ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡਰਾਈਵਰ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਚੀਫ ਟਿਕਟ ਇੰਸਪੈਕਟਰ ਦਾ ਕੰਨ ਵੱਢਿਆ
