ਬਠਿੰਡਾ-ਪਿੰਡ ਵਿਰਕ ਕਲਾਂ ਸਥਿਤ ਹਵਾਈ ਅੱਡੇ ’ਤੇ ਮੁਲਾਜ਼ਮਾਂ ਨੇ ਚੈਕਿੰਗ ਦੌਰਾਨ 2 ਸਵਾਰੀਆਂ ਦੇ ਬੈਗਾਂ ’ਚੋਂ ਇਕ ਜ਼ਿੰਦਾ ਕਾਰਤੂਸ ਅਤੇ 2 ਖੋਲ੍ਹ ਬਰਾਮਦ ਕੀਤੇ, ਜਿਨ੍ਹਾਂ ਦੀ ਪਛਾਣ ਵਿਕਰਮ ਸਿੰਘ ਵਾਸੀ ਗੁਰੂਗ੍ਰਾਮ ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਜਮਾਲਗੜ੍ਹ, ਜ਼ਿਲਾ ਫਾਜ਼ਿਲਕਾ ਨੂੰ ਵਜੋਂ ਹੋਈ।
ਥਾਣਾ ਸਦਰ ਦੇ ਏ. ਐੱਸ. ਆਈ. ਮੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦਿੱਲੀ ਜਾਣ ਲਈ ਬਠਿੰਡਾ ਏਅਰਪੋਰਟ ਤੋਂ ਫਲਾਈਟ ਲੈਣੀ ਸੀ, ਜਿਸ ਤਹਿਤ ਜਦੋਂ ਦੋਵੇਂ ਵਿਅਕਤੀ ਏਅਰਪੋਰਟ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਕੋਲ ਪਏ ਹੈਂਡ ਬੈਗ ਦੀ ਚੈਕਿੰਗ ਕੀਤੀ ਤਾਂ ਏਅਰਪੋਰਟ ਮੁਲਾਜ਼ਮਾਂ ਨੇ 32 ਬੋਰ ਦੇ ਹਥਿਆਰ ਦੇ 2 ਖੋਲ੍ਹ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਸ ਅਨੁਸਾਰ ਦੋਵੇਂ ਵਿਅਕਤੀ ਕਾਰ ਬਾਜ਼ਾਰ ਦਾ ਕਾਰੋਬਾਰ ਚਲਾਉਂਦੇ ਹਨ, ਜਿਨ੍ਹਾਂ ਨੇ ਆਪਣੇ ਕਾਰੋਬਾਰ ਲਈ ਬਠਿੰਡਾ ਏਅਰਪੋਰਟ ਤੋਂ ਫਲਾਈਟ ਰਾਹੀਂ ਦਿੱਲੀ ਜਾਣਾ ਸੀ।
ਏ. ਐੱਸ. ਆਈ. ਨੇ ਦੱਸਿਆ ਕਿ ਹਵਾਈ ਅੱਡੇ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਇੰਦਰਜੀਤ ਸਿੰਘ ਦੇ ਬਿਆਨਾਂ ’ਤੇ ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਸਦਰ ’ਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਮੁੱਢਲੀ ਪੁੱਛਗਿੱਛ ਦੌਰਾਨ ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਗਲਤੀ ਕਾਰਨ ਉਕਤ ਕਾਰਤੂਸ ਉਨ੍ਹਾਂ ਦੇ ਬੈਗ ’ਚ ਆ ਗਿਆ ਸੀ।