ਪਠਾਨਕੋਟ, ਅੰਮ੍ਰਿਤਸਰ ਅਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਤੇ ਗਰਜ ਨਾਲ ਬਦਲੇਗਾ ਮੌਸਮ
ਚੰਡੀਗੜ੍ਹ, 28 ਮਾਰਚ: ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ, ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਲੇ ਤਿੰਨ ਦਿਨਾਂ ਲਈ ‘ਯੈਲੋ ਅਲਰਟ’ ਘੋਸ਼ਿਤ ਕੀਤਾ ਗਿਆ ਹੈ।
ਇਨ੍ਹਾਂ ਜ਼ਿਲ੍ਹਿਆਂ ‘ਤੇ ਰਹੇਗਾ ਅਸਰ: ਵਿਭਾਗ ਅਨੁਸਾਰ ਖਾਸ ਤੌਰ ‘ਤੇ ਪਠਾਨਕੋਟ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜਾਜ਼ ਸਖ਼ਤ ਰਹਿਣ ਦੀ ਸੰਭਾਵਨਾ ਹੈ। ਇੱਥੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ ਅਤੇ ਗਰਜ ਦੇ ਨਾਲ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਕਣਕ ਦੀ ਵਾਢੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਬੇਹੱਦ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਨੇ ਕਿਹਾ ਹੈ ਕਿ ਮੰਡੀਆਂ ਵਿੱਚ ਪਈ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਤਿਰਪਾਲਾਂ ਦਾ ਪੁਖ਼ਤਾ ਪ੍ਰਬੰਧ ਰੱਖਿਆ ਜਾਵੇ, ਖੇਤਾਂ ਵਿਚ ਖੜ੍ਹੀ ਫ਼ਸਲ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਸਿੰਚਾਈ ਕੀਤੀ ਜਾਵੇ ਤਾਂ ਜੋ ਤੇਜ਼ ਹਵਾਵਾਂ ਕਾਰਨ ਫ਼ਸਲ ਵਿਛ ਨਾ ਜਾਵੇ।
ਪ੍ਰਸ਼ਾਸਨ ਨੇ ਵੀ ਸਬੰਧਿਤ ਵਿਭਾਗਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਿਆ ਜਾ ਸਕੇ।
Read More : ਰਜਿੰਦਰਾ ਕਾਲਜ ‘ਚ ਦਲਿਤ ਵਿਦਿਆਰਥੀ ਨਾਲ ਵਿਤਕਰੇ ਦਾ ਇਲਜ਼ਾਮ; SC ਕਮਿਸ਼ਨ ਵੱਲੋਂ ਪ੍ਰਿੰਸੀਪਲ ਤਲਬ
