ਬੇਟੀਆਂ ਨੇ ਚਿਤਾ ਨੂੰ ਵਿਖਾਈ ਅਗਨੀ
ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਕਿਹਾ-ਮੌਤ ਗੋਲੀ ਲੱਗਣ ਨਾਲ ਹੋਈ
ਚੰਡੀਗੜ੍ਹ, 15 ਅਕਤੂਬਰ : ਹਰਿਆਣਾ ਦੇ ਆਈ. ਪੀ. ਐੱਸ. ਅਧਿਕਾਰੀ ਵਾਈ. ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਖੁਦਕੁਸ਼ੀ ਤੋਂ 9ਵੇਂ ਦਿਨ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ’ਚ ਬੁੱਧਵਾਰ ਕੀਤਾ ਗਿਆ। ਉਨ੍ਹਾਂ ਦੀਆਂ ਬੇਟੀਆਂ ਨੇ ਚਿਤਾ ਨੂੰ ਅਗਨੀ ਵਿਖਾਈ। ਪੁਲਸ ਤੇ ਪ੍ਰਸ਼ਾਸਨ ਨੇ ਪੀ. ਜੀ. ਆਈ., ਸੈਕਟਰ 24 ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਸੈਕਟਰ 25 ਦੀ ਸ਼ਮਸ਼ਾਨਘਾਟ ’ਚ ਵਿਆਪਕ ਪ੍ਰਬੰਧ ਕੀਤੇ ਸਨ।
ਸ਼ਾਮ 4 ਵਜੇ ਉਨ੍ਹਾਂ ਦੇ ਸੈਕਟਰ 24 ਸਥਿਤ ਨਿਵਾਸ ਤੋਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਯਾਤਰਾ ਸ਼ੁਰੂ ਹੋਈ। ਵੱਡੀ ਗਿਣਤੀ ’ਚ ਪੁਲਸ, ਪ੍ਰਸ਼ਾਸਨ ਤੇ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਵਾਈ. ਪੂਰਨ ਕੁਮਾਰ ਦੀ ਪਤਨੀ ਆਈ. ਏ. ਐੱਸ. ਅਮਨੀਤ ਪੀ. ਕੁਮਾਰ ਨਾਲ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਤੇ ਸ਼ਿਆਮ ਸਿੰਘ ਰਾਣਾ, ਏ. ਸੀ. ਐੱਸ. ਗ੍ਰਹਿ ਸੁਮਿਤਾ ਮਿਸ਼ਰਾ, ਸੀ. ਐੱਸ. ਅਨੁਰਾਗ ਰਸਤੋਗੀ ਤੇ ਨਵ-ਨਿਯੁਕਤ ਡੀ. ਜੀ. ਪੀ. ਓ. ਪੀ. ਸਿੰਘ ਵੀ ਮੌਜੂਦ ਸਨ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ’ਚ ਰਾਜੇਸ਼ ਖੁੱਲਰ, ਸੁਧੀਰ ਰਾਜਪਾਲ, ਪੰਕਜ ਗੁਪਤਾ, ਆਈ. ਪੀ. ਐੱਸ. ਅਧਿਕਾਰੀ ਮੁਹੰਮਦ ਅਕੀਲ ਤੇ ਏ. ਡੀ. ਜੀ. ਆਲੋਕ ਮਿੱਤਲ ਸਮੇਤ ਵੱਡੀ ਗਿਣਤੀ ’ਚ ਆਈ. ਏ. ਐੱਸ. ਤੇ ਆਈ. ਪੀ. ਐੱੰਸ. ਅਧਿਕਾਰੀ ਮੌਜੂਦ ਸਨ।
ਡੀ. ਜੀ. ਪੀ. ਓ. ਪੀ. ਸਿੰਘ ਨੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ। ਮ੍ਰਿਤਕ ਦੀ ਪਤਨੀ ਅਮਨੀਤ ਪੀ. ਕੁਮਾਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਸਿਰਫ਼ ਇਨਸਾਫ਼ ਦੀ ਮੰਗ ਕੀਤੀ।
Read More : ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਮੇਤ ਵਫਦ ਨੇ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ