ਬਿਨਾਂ ਸੁਰੱਖਿਆ ਯੰਤਰਾਂ ਦੇ 10 ਫੁੱਟ ਡੂੰਘੇ ਗਟਰ ’ਚ ਉਤਾਰਿਆ; ਪ੍ਰਸ਼ਾਸਨਿਕ ਲਾਪ੍ਰਵਾਹੀ ਆਈ ਸਾਹਮਣੇ
ਸ੍ਰੀ ਮੁਕਤਸਰ ਸਾਹਿਬ, 11 ਮਾਰਚ : ਸ੍ਰੀ ਮੁਕਤਸਰ ਸਾਹਿਬ ਵਿਖੇ ਸੀਵਰੇਜ ਦੀ ਸਫ਼ਾਈ ਦੌਰਾਨ ਇਕ ਨੌਜਵਾਨ ਮਜ਼ਦੂਰ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 21 ਸਾਲਾ ਜਹਦੁਲਹਕ ਪੁੱਤਰ ਅਬਦੁਰ ਰਹਿਮਾਨ, ਵਾਸੀ ਮਾਲਦਾ (ਪੱਛਮੀ ਬੰਗਾਲ) ਵਜੋਂ ਹੋਈ ਹੈ। ਇਸ ਦਰਦਨਾਕ ਘਟਨਾ ’ਚ ਸਿਸਟਮ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਲਗਭਗ 9 ਵਜੇ ਮਾਰਕੀਟ ਕਮੇਟੀ ਦਫ਼ਤਰ ਦੀ ਪਿਛਲੀ ਸਾਈਡ ਸੀਵਰੇਜ ਦੀ ਬਲਾਕੇਜ ਸਾਫ਼ ਕਰਨ ਲਈ ਮਜ਼ਦੂਰ ਨੂੰ ਬਿਨਾਂ ਕਿਸੇ ਸੇਫ਼ਟੀ ਯੰਤਰ ਦੇ 10 ਫੁੱਟ ਡੂੰਘੇ ਮੈਨਹੋਲ ’ਚ ਉਤਾਰਿਆ ਗਿਆ ਸੀ। ਗੈਸ ਚੜ੍ਹਨ ਕਾਰਨ ਨੌਜਵਾਨ ਬੇਹੋਸ਼ ਹੋ ਕੇ ਅੰਦਰ ਹੀ ਡਿੱਗ ਗਿਆ ਅਤੇ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਸਾਥੀ ਮਜ਼ਦੂਰ ਮੁਰਸ਼ਿਦ ਅਲੀ ਨੇ ਦੋਸ਼ ਲਾਇਆ ਕਿ ਸੁਪਰਵਾਈਜ਼ਰ ਅਤੇ ਜੇ.ਈ. ਰਾਤ ਵੇਲੇ ਜਹਦੁਲਹਕ ਨੂੰ ਆਪਣੇ ਨਾਲ ਕੰਮ ’ਤੇ ਲੈ ਗਏ ਸਨ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਅਧਿਕਾਰੀ ਪੱਲਾ ਝਾੜ ਕੇ ਉੱਥੋਂ ਚਲੇ ਗਏ, ਜਦਕਿ ਸਾਥੀ ਮਜ਼ਦੂਰ ਸਾਰੀ ਰਾਤ ਉਸ ਦੀ ਭਾਲ ਕਰਦੇ ਰਹੇ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਰੰਜਿਸ਼ ਕਾਰਨ ਸਕਾਰਪੀਓ ਸਵਾਰ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ; ਇਕ ਜ਼ਖ਼ਮੀ
