ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਕੀਤੇ ਹਵਾਈ ਫਾਇਰ
ਕਪੂਰਥਲਾ, 2 ਜਨਵਰੀ : ਅੱਜ ਕਪੂਰਥਲਾ ਸ਼ਹਿਰ ਦੇ ਸੀਨਪੁਰਾ ਖੇਤਰ ’ਚ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਇਕ ਘਰ ’ਚ ਦਾਖਲ ਹੋ ਕੇ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਮਲਾਵਰ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਸੀਨਪੁਰਾ ਖੇਤਰ ’ਚ ਸ਼ਾਮ 4 ਵਜੇ ਇਕ ਮੋਟਰਸਾਈਕਲ ’ਤੇ ਸਵਾਰ 2 ਹਮਲਾਵਰ ਇਕ ਘਰ ’ਚ ਦਾਖਲ ਹੋਏ, ਜਿਨ੍ਹਾਂ ਨੇ ਘਰ ’ਚ ਮੌਜੂਦ ਇਕ ਔਰਤ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਅਮਨਦੀਪ ਨਾਹਰ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਔਰਤ ਨੂੰ ਸਿਵਲ ਹਸਪਤਾਲ ਕਪੂਰਥਲਾ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੀ ਪਛਾਣ ਹੇਮਪ੍ਰੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਾ ਹਾਲ ਹੀ ਵਿਚ ਵਿਦੇਸ਼ ਤੋਂ ਆਈ ਸੀ। ਪੁਲਸ ਨੇ ਕਤਲ ਤੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਸ. ਪੀ. ਗੌਰਵ ਤੂਰਾ ਦੇ ਨਿਰਦੇਸ਼ਾਂ ਹੇਠ ਇਕ ਵਿਸ਼ੇਸ਼ ਪੁਲਿਸ ਟੀਮ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ ਤੇ ਜਲਦੀ ਹੀ ਸਾਰਾ ਮਾਮਲਾ ਹੱਲ ਹੋ ਜਾਵੇਗਾ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਭੇਜ ਦਿੱਤਾ ਗਿਆ ਹੈ।
Read More : ਮੋਹਾਲੀ ਏਅਰਪੋਰਟ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ : ਮੁੱਖ ਮੰਤਰੀ
