ਕੋਟਕਪੂਰਾ, 13 ਜੁਲਾਈ :-ਕੋਟਕਪੂਰਾ ਦੇ ਨਾਲ ਲੱਗਦੇ ਪਿੰਡ ਢਿੱਲਵਾਂ ਵਿਖੇ ਕੈਂਸਰ ਦੀ ਬੀਮਾਰੀ ਨਾਲ ਇਕ ਔਰਤ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਇਸ ਸਬੰਧ ’ਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਦੀ ਵਸਨੀਕ ਵੀਰਪਾਲ ਕੌਰ (50) ਪਤਨੀ ਜਗਤਾਰ ਸਿੰਘ ਬੀਤੇ 4-5 ਸਾਲਾਂ ਤੋਂ ਪੇਟ ਦੇ ਕੈਂਸਰ ਦੀ ਬੀਮਾਰੀ ਨਾਲ ਪੀੜ੍ਹਤ ਸੀ।
ਪਰਿਵਾਰ ਵੱਲੋਂ ਵੱਖ-ਵੱਖ ਹਸਪਤਾਲਾਂ ਤੋਂ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਆਖਰ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਵੀਰਪਾਲ ਕੌਰ ਆਪਣੇ ਪਿੱਛੇ ਦੋ ਲੜਕੇ ਅਤੇ ਇਕ ਲੜਕੀ ਛੱਡ ਗਈ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਲਾਕੇ ਅੰਦਰ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਅਕਸਰ ਹੀ ਪੜ੍ਹਣ-ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਪਿੰਡ ਢਿੱਲਵਾਂ ਕਲਾਂ ਅਤੇ ਆਲੇ-ਦੁਆਲੇ ਦੇ ਹੋਰ ਇਲਾਕਿਆਂ ’ਚ ਵੀ ਕੈਂਸਰ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ।
ਉਨ੍ਹਾਂ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਇਲਾਕੇ ’ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਕਾਰਨ ਲੱਭਿਆ ਜਾਵੇ ਅਤੇ ਬਕਾਇਦਾ ਟੀਮਾਂ ਲਗਾ ਕੇ ਇਸ ਸਬੰਧੀ ਖੋਜ ਕਰ ਕੇ ਲੋਕਾਂ ਨੂੰ ਕੈਂਸਰ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇ।
Read More : ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਨੂੰ ਲੱਗੀ ਭਿਆਨਕ ਅੱਗ