ਪਰਿਵਾਰ ਨੇ ਪਤੀ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ
ਪਟਿਆਲਾ, 10 ਜੁਲਾਈ : ਸ਼ਹਿਰ ਪਟਿਆਲਾ ਦੇ ਰੇਲਵੇ ਲਾਈਨ ’ਤੇ ਬੀਤੀ ਰਾਤ ਇਕ ਔਰਤ ਨੇ ਆਪਣੀ 10 ਮਹੀਨੇ ਦੀ ਬੱਚੀ ਸਮੇਤ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ, ਜਿਸਦੀ ਪਛਾਣ ਗੁਰਪ੍ਰੀਤ ਕੌਰ (25 ਸਾਲ) ਧਾਮੋਮਾਜਰਾ ਵਜੋਂ ਹੋਈ।
ਇਸ ਸਬੰਧੀ ਥਾਣਾ ਰੇਲਵੇ ਪੁਲਸ ਦੇ ਐੱਸ. ਐੱਚ. ਓ. ਇੰਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਔਰਤ ਅਤੇ ਛੋਟੀ ਬੱਚੀ ਰੇਲ ਗੱਡੀ ਹੇਠਾਂ ਆ ਗਈਆਂ ਹਨ, ਜਿਸ ਦੇ ਬਾਅਦ ਏ. ਐੱਸ. ਆਈ. ਗੁਰਜੰਟ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਗਏ, ਜਿਥੇ ਜਾ ਕੇ ਦੇਖਿਆ ਕਿ ਖੂਨ ਦੇ ਨਿਸ਼ਾਨ ਪਏ ਸਨ ਪਰ ਉਥੇ ਲਾਸ਼ ਨਹੀਂ ਸੀ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਦੋਵਾਂ ਨੂੰ ਉਸਦੇ ਵਾਰਿਸ ਲੈ ਕੇ ਗਏ।
ਪਰਿਵਾਰ ਮੁਤਾਬਕ ਜਦੋਂ ਗੁਰਪ੍ਰੀਤ ਕੌਰ ਨੂੰ ਚੁੱਕਿਆ ਤਾਂ ਸਾਹ ਚੱਲ ਰਹੇ ਸੀ, ਜਿਸਨੂੰ ਇਲਾਜ ਕਰਨ ਲਈ ਲੈ ਕੇ ਆਏ ਸਨ, ਜਿਸਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਤਾਂ ਉਹ ਘਰ ਲੈ ਆਏ। ਜਦੋਂ ਕਿ ਛੋਟੀ ਬੱਚੀ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿਥੇ ਬਾਅਦ ਵਿਚ ਬੱਚੀ ਦੀ ਵੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਲੜਕੀ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਅਤੇ ਉਸਦੇ ਪਤੀ ਦਾ ਰੋਜ਼ਾਨਾ ਝਗੜਾ ਹੁੰਦਾ ਸੀ। ਦੋਵਾਂ ਨੇ ਆਪਣੀ ਮਰਜ਼ੀ ਨਾਲ 5 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਹੁਣ 2 ਬੱਚੇ ਸਨ। ਇਕ ਲੜਕਾ ਵੱਡਾ ਅਤੇ ਛੋਟੀ ਲੜਕੀ ਹੈ।
ਉਨ੍ਹਾਂ ਦੱਸਿਆ ਕਿ ਲੜਕੀ ਨੂੰ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਤੰਗ ਕਰਦਾ ਸੀ ਅਤੇ ਇਸ ਤੋਂ ਇਲਾਵਾ ਗੁਰਪ੍ਰੀਤ ਕੌਰ ਦੇ ਪਤੀ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਵੀ ਸਨ, ਜਿਸ ਤੋਂ ਤੰਗ ਆ ਕੇ ਲੜਕੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
