ਲੁਧਿਆਣਾ, 22 ਦਸੰਬਰ : ਸੀਨੀਅਰ ਆਗੂ ਤੇ ਮਾਲਵੇ ’ਚੋਂ ਇਕਲੌਤੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ, ਜਿਨ੍ਹਾਂ ਨੇ ਪੰਥਕ ਸੋਚ ਕਾਰਨ ਹਲਕਾ ਦਾਖਾ ਵਿਚ ਜੋ ਸੰਮਤੀ ਚੋਣਾਂ ਵਿਚ ਡੰਕੇ ਦੀ ਚੋਟ ’ਤੇ 25 ’ਚੋਂ 17 ਸੀਟਾਂ ਅਤੇ 3 ਜ਼ਿਲਾ ਪ੍ਰੀਸ਼ਦ ਜਿੱਤ ਕੇ ਇਤਿਹਾਸ ਰਚਿਆ ਹੈ, ਨੇ ਅੱਜ ਸ਼ਾਮੀ ਗੱਲਬਾਤ ਕਰਦਿਆਂ ਕਿਹਾ ਕਿ ਉਸ ਦਾ ਅਕਾਲੀ ਦਲ (ਪੁਨਰ ਸੁਰਜੀਤ) ਦੇ ਕਿਸੇ ਵੀ ਨੇਤਾ ਨਾਲ ਕੋਈ ਮਤਭੇਦ ਨਹੀਂ। ਇਹ ਸਿਰਫ ਮੀਡੀਆ ਦੀ ਉਪਜ ਹੈ।
ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ’ਤੇ 15 ਲੱਖ ਦੀ ਭਰਤੀ ਕਰ ਕੇ ਪੰਥਕ ਸੋਚ ਤੇ ਪੰਥਕ ਹਿੱਤਾਂ ’ਤੇ ਪਹਿਰਾ ਦੇਣ ਲਈ ਅਕਾਲੀ ਦਲ (ਪੁਨਰ ਸੁਰਜੀਤ) ਹੋਂਦ ਵਿਚ ਲਿਆਂਦਾ ਸੀ, ਉਸ ’ਤੇ ਉਹ ਕੋਈ ਆਂਚ ਨਹੀਂ ਆਉਣ ਦੇਣਗੇ ਤੇ ਭਰਤੀ ਹੋਏ ਲੱਖਾਂ ਵਰਕਰਾਂ ਨੂੰ ਕਿਸੇ ਕੀਮਤ ’ਤੇ ਨਿਰਾਸ਼ ਨਹੀਂ ਕਰਨਗੇ।
ਇਆਲੀ ਨੇ ਕਿਹਾ ਕਿ ਜੇਕਰ ਦੂਜੀ ਧਿਰ ਅਜੇ ਵੀ ਟੱਸ ਤੋਂ ਮਸ ਨਹੀਂ ਹੁੰਦੀ ਤਾਂ ਉਹ ਅਕਾਲੀ ਦਲ ਪੁਨਰ ਸੁਰਜੀਤ ਨੂੰ ਆਪਣੀ ਟੀਮ ਨਾਲ ਅੱਗੇ ਤੋਰਨਗੇ ਅਤੇ ਪੰਥਕ ਸੇਧ ਅਪਣਾ ਕੇ ਆਪਣੀ 5 ਮੈਂਬਰੀ ਟੀਮ ਦੇ ਸਾਥੀਆਂ ਨਾਲ ਅਤੇ ਪੁਨਰ ਸੁਰਜੀਤ ਦੇ ਜ਼ਰੀਏ ਸਾਰੇ ਹਮਖਿਆਲੀਆਂ ਤੇ ਪੰਥਕ ਧਿਰਾਂ ਨੂੰ ਇਕੱਠਾ ਕਰਨ ਲਈ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ’ਚ ਠੋਸ ਉਪਰਾਲੇ ਕਰਨਗੇ।
ਉਨ੍ਹਾਂ ਨੇ ਆਪਣੇ ਹਲਕੇ ’ਚ ਵੇਖ ਲਿਆ ਹੈ ਕਿ ਵਰਕਰ, ਪੰਜਾਬੀ ਅਤੇ ਸਿੱਖ ਭਾਈਚਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਚਲਦੇ ਹਰ ਹੁਕਮ ’ਤੇ ਫੁੱਲ ਚੜ੍ਹਾਉਣ ਲਈ ਤਿਆਰ ਹੈ। ਇਸ ਲਈ ਉਨ੍ਹਾਂ ਨੂੰ ਹੁਣ ਸੋਚ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਕੀ ਚਾਹੁੰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਖਾਮੋਸ਼ ਬੈਠੇ ਸਨ ਪਰ ਹੁਣ ਜੇਕਰ ਨਾ ਕੋਈ ਗੱਲ ਬਣ ਰਹੀ ਤਾਂ ਅਗਲਾ ਰਸਤਾ ਤਿਆਰ ਕਰਨ ਲਈ ਉਹ ਆਪਣੇ ਸਾਥੀਆਂ ਨਾਲ ਅਗਲੀ ਰਣਨੀਤੀ ਤਿਆਰ ਕਰਨਗੇ।
Read More : ਟਰੱਕ ਵਿਚ ਵੱਜੀ ਕਾਲਜ ਬੱਸ, ਚਾਲਕ ਅਤੇ ਅਧਿਆਪਕਾ ਜ਼ਖਮੀ
