ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ, ਪ੍ਰਭਾਵਿਤ ਇਲਾਕਿਆਂ ਲਈ 25 ਟਰਾਲੀਆਂ ਮੱਕੀ ਦੇ ਅਚਾਰ ਦੀਆਂ ਕੀਤੀਆਂ ਰਵਾਨਾ
ਫਾਜ਼ਿਲਕਾ, 4 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ‘ਆਪ’ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਨੂੰ ਬੇਸ਼ਕੀਮਤੀ ਸਰਕਾਰੀ ਜ਼ਮੀਨ ਵੇਚ ਕੇ ਇਸ ਦੀ ਦਿੱਲੀ ਲੀਡਰਸ਼ਿਪ ਦੇ ਖਜ਼ਾਨੇ ਭਰਨ ਨਹੀਂ ਦੇਵੇਗੀ।
ਅਕਾਲੀ ਦਲ ਦੇ ਪ੍ਰਧਾਨ, ਜਿਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ 25 ਟਰਾਲੀਆਂ ਮੱਕੀ ਦੇ ਅਚਾਰ ਦੀਆਂ ਰਵਾਨਾ ਕੀਤੀਆਂ, ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਜੋ ਜਾਇਦਾਦਾਂ ਨਿਲਾਮ ਕਰਨੀਆਂ ਚਾਹੁੰਦੀ ਹੈ, ਉਨ੍ਹਾਂ ’ਚ ਮੁਹਾਲੀ ਦੀ 12 ਏਕੜ ’ਚ ਫੈਲੀ ਆਧੁਨਿਕ ਫਲ ਤੇ ਸਬਜ਼ੀ ਮੰਡੀ ਵੀ ਸ਼ਾਮਲ ਹੈ, ਜਿਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਥਾਪਿਤ ਕੀਤਾ ਸੀ।
ਇਸ ਮੰਡੀ ’ਚ ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ਇਕ ਸਾਲ ਪਹਿਲਾਂ ਹੀ ਮੰਡੀ ਬੋਰਡ ਨੇ ਨਿਲਾਮ ਕਰ ਕੇ ਅਲਾਟ ਕੀਤੀਆਂ ਸਨ। ਦੁਕਾਨਾਂ ਪਹਿਲਾਂ ਹੀ ਚੱਲ ਰਹੀਆਂ ਹਨ ਤੇ ਹੁਣ ਮੰਡੀ ਬੋਰਡ ਨੇ ਫੈਸਲਾ ਕੀਤਾ ਹੈ ਕਿ ਪਿਛਲੀ ਨਿਲਾਮੀ ਰੱਦ ਕੀਤੀ ਜਾਵੇ ਅਤੇ ਦੁਕਾਨਦਾਰਾਂ ਤੋਂ ਉਨ੍ਹਾਂ ਦਾ ਰੋਜ਼ਗਾਰ ਖੋਹਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਇਹ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦੇਵਾਂਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਪਟਿਆਲਾ ’ਚ 8 ਏਕੜ ’ਚ ਫੈਲੀ ਪ੍ਰਿੰਟਿੰਗ ਪ੍ਰੈਸ ਕਲੌਨੀ, ਪ੍ਰਿੰਟਿੰਗ ਪ੍ਰੈਸ ਦੀ ਥਾਂ (10 ਏਕੜ), ਲੁਧਿਆਣਾ ’ਚ ਪਸ਼ੂ ਹਸਪਤਾਲ ਦੀ ਥਾਂ (2.27 ਏਕੜ), ਤਰਨਤਾਰਨ ’ਚ ਸ਼ੇਰੋਂ ਖੰਡ ਮਿੱਲ (89 ਏਕੜ) ਅਤੇ ਗੁਰਦਾਸਪੁਰ ’ਚ ਪੀ. ਡਬਲਿਊ. ਡੀ. ਗੈਸਟ ਹਾਊਸ (1.75 ਏਕੜ) ਵੇਚਣਾ ਚਾਹੁੰਦੀ ਹੈ। ਜਿਸ ’ਚੋਂ ਭ੍ਰਿਸ਼ਟਾਚਾਰ ਦੀ ਮੁਸ਼ਕ ਆਉਂਦੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਰਾਜ ਕੁਦਰਤੀ ਆਫਤ ਫੰਡ ਦੇ 12 ਹਜ਼ਾਰ ਕਰੋੜ ਰੁਪਏ ਦੇ ਕੇਂਦਰੀ ਫੰਡਾਂ ਦਾ ਹਿਸਾਬ ਨਾ ਦੇਣ ਕਾਰਨ ਘਿਰ ਗਈ ਹੈ। ਸੁਖਬੀਰ ਬਾਦਲ ਨੇ ਹੜ੍ਹ ਮਾਰੇ ਪਿੰਡਾਂ ਸਾਬੂਆਣਾ, ਮਹਾਤਮ ਨਗਰ ਅਤੇ ਝੰਗੜ ਭੈਣੀ ਦਾ ਦੌਰਾ ਕੀਤਾ ਤੇ ਪਿੰਡਾਂ ਵਾਲਿਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਸੀਨੀਅਰ ਆਗੂ ਸੰਪੂਰਨ ਸਿੰਘ ਬਹਿਕ, ਸਤਿੰਦਰਜੀਤ ਸਿੰਘ ਮੰਟਾ, ਗੁਰਪਾਲ ਸਿੰਘ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਰਤਾਜ ਸਿੰਘ ਤਾਜੀ, ਜਗਸੀਰ ਸਿੰਘ ਬੱਬੂ ਜੈਮਲ ਵਾਲਾ ਅਤੇ ਰਾਜ ਡਿੱਬੀਪੁਰਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।
Read More : ਜੇਲ ਤੱਕ ਫੈਲਿਆ ਸੀ ਚਿੱਟੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਨੈੱਟਵਰਕ