ਬਟਾਲਾ, 30 ਜੂਨ :- ਮਾਂ ਵੱਲੋਂ ਧੀ ਨੂੰ ਪੜ੍ਹਨ ਲਈ ਕਹਿਣ ’ਤੇ ਗੁੱਸੇ ਵਿਚ ਆ ਕੇ ਧੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕੀਤੇ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪੁਲਸ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਨਾਬਾਲਿਗ ਮ੍ਰਿਤਕਾ ਦੀ ਮਾਤਾ ਪਵਨਦੀਪ ਕੌਰ ਨੇ ਲਿਖਵਾਇਆ ਕਿ ਬੀਤੀ 28 ਜੂਨ ਨੂੰ ਦੁਪਹਿਰ ਢਾਈ ਵਜੇ ਦੇ ਕਰੀਬ ਮੇਰੀ 15 ਸਾਲ ਦੀ ਲੜਕੀ ਟੈਲੀਵਿਜ਼ਨ ਦੇਖ ਰਹੀ ਸੀ, ਜਿਸ ਨੂੰ ਮੈਂ ਸਕੂਲ ਵਿਚ ਛੁੱਟੀਆਂ ਹੋਣ ਕਰ ਕੇ ਪੜ੍ਹਾਈ ਕਰਨ ਲਈ ਆਖਿਆ ਤਾਂ ਉਸ ਨੇ ਗੁੱਸੇ ਵਿਚ ਆ ਕੇ ਘਰ ਵਿਚ ਪਈ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ।
ਬਿਆਨਕਰਤਾ ਪਵਨਦੀਪ ਕੌਰ ਮੁਤਾਬਕ ਇਹ ਸਭ ਦੇਖ ਮੈਂ ਆਪਣੇ ਗੁਆਂਢੀ ਦੀ ਮਦਦ ਨਾਲ ਆਪਣੀ ਲੜਕੀ ਨੂੰ ਈ. ਐੱਮ. ਸੀ. ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਜਾਇਆ, ਜਿਥੋਂ ਡਾਕਟਰਾਂ ਨੇ ਈ. ਐੱਮ. ਸੀ. ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਬੀਤੀ ਅੱਧੀ ਰਾਤ ਸਾਢੇ 12 ਵਜੇ ਦੇ ਕਰੀਬ ਮੇਰੀ ਉਕਤ ਲੜਕੀ ਦੀ ਮੌਤ ਹੋ ਗਈ।
ਏ. ਐੱਸ. ਆਈ. ਹਰਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਪਵਨਦੀਪ ਕੌਰ ਦੇ ਬਿਆਨ ’ਤੇ 194 ਬੀ. ਐੱਨ. ਐੱਸ. ਐੱਸ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
Read More : 10 ਲੱਖ ਦੀ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ