ਚੰਡੀਗੜ੍ਹ, 11 ਮਾਰਚ : ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। 14 ਮਾਰਚ ਤੋਂ ਲਗਾਤਾਰ ਤਿੰਨ ਦਿਨਾਂ ਤੱਕ ਤੇਜ਼ ਗਰਜ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।
ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.4 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਇਹ ਅਜੇ ਵੀ ਆਮ ਨਾਲੋਂ 6.3 ਡਿਗਰੀ ਵੱਧ ਚੱਲ ਰਿਹਾ ਹੈ। ਫਰਵਰੀ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਤਾਪਮਾਨ ਸਥਿਰ ਰਹੇਗਾ, ਜਿਸ ਤੋਂ ਬਾਅਦ ਇਸ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ।
ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਤੋਂ ਆ ਰਹੀਆਂ ਤੇਜ਼ ਨਮ ਹਵਾਵਾਂ ਅਤੇ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਇਹ ਬਦਲਾਅ ਆ ਰਿਹਾ ਹੈ। ਇੱਕ ਟ੍ਰਫ਼ ਰੇਖਾ ਬਿਹਾਰ ਤੋਂ ਉੜੀਸਾ, ਨਾਗਾਲੈਂਡ ਅਤੇ ਅਸਾਮ ਤੱਕ ਫੈਲੀ ਹੋਈ ਹੈ, ਜਿਸ ਦਾ ਅਸਰ ਪੂਰੇ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਧੂੜ ਭਰੇ ਮੌਸਮ ਦਾ ਮੁੱਖ ਕਾਰਨ ਪੱਛਮੀ ਹਵਾਵਾਂ ਦੀ ਤੇਜ਼ ਰਫ਼ਤਾਰ ਰਹੀ ਹੈ, ਜੋ ਹੁਣ ਹੌਲੀ ਹੋ ਗਈ ਹੈ।
ਵਿਭਾਗ ਅਨੁਸਾਰ ਅਗਲੇ ਚਾਰ ਦਿਨ ਮੌਸਮ ਖੁਸ਼ਕ ਰਹੇਗਾ, ਪਰ 14, 15 ਅਤੇ 16 ਮਾਰਚ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਬਦਲਾਅ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।
Read More : 31 ਸਾਲਾ ਵਿਅਕਤੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਇੱਛਾ ਮੌਤ ਦੀ ਇਜਾਜ਼ਤ
