Cabinet Minister Sanjeev Arora

ਪੰਜਾਬ ’ਚ 300 ਕਰੋੜ ਦੀ ਲਾਗਤ ਨਾਲ ਵਾਟਰਪਰੂਫਿੰਗ ਨਿਰਮਾਣ ਸਹੂਲਤ ਕੀਤੀ ਜਾਵੇਗੀ ਸਥਾਪਿਤ : ਸੰਜੀਵ ਅਰੋੜਾ

ਚੰਡੀਗੜ੍ਹ, 7 ਜਨਵਰੀ : ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਐਡਹੇਸਿਵ ਤੇ ਨਿਰਮਾਣ ਨਾਲ ਸਬੰਧਤ ਰਸਾਇਣਾਂ ਦੇ ਉਤਪਾਦਨ ’ਚ ਮੋਹਰੀ ਕੰਪਨੀ ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਵੱਲੋਂ 300 ਕਰੋੜ ਦੇ ਪ੍ਰਸਤਾਵਿਤ ਨਿਵੇਸ਼ ਨਾਲ ਪੰਜਾਬ ’ਚ ਇਕ ਨਵੀਂ ਨਿਰਮਾਣ ਸਹੂਲਤ ਸਥਾਪਿਤ ਕੀਤੀ ਜਾਵੇਗੀ। ਇਹ ਪ੍ਰਸਤਾਵਿਤ ਪ੍ਰਾਜੈਕਟ ਪਿੰਡ ਮਾਜਰੀ ਫਕੀਰਾਂ ਤੇ ਪਿੰਡ ਸੋਹਣੇ ਮਾਜਰਾ, ਸਬ-ਤਹਿਸੀਲ ਘਨੌਰ, ਰਾਜਪੁਰਾ, ਜ਼ਿਲਾ ਪਟਿਆਲਾ ਵਿਖੇ 31 ਏਕੜ ਜ਼ਮੀਨ ’ਚ ਸਥਾਪਿਤ ਕੀਤਾ ਜਾਵੇਗਾ।

ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਸਹੂਲਤ ਪਾਣੀ-ਆਧਾਰਤ ਐਡਹੇਸਿਵ ਪਦਾਰਥਾਂ ਤੇ ਵਾਟਰਪਰੂਫਿੰਗ ਉਤਪਾਦਾਂ ਦੇ ਮਿਸ਼ਰਣ ਤੇ ਬਲੈਂਡਿੰਗ ’ਤੇ ਕੇਂਦ੍ਰਿਤ ਹੋਵੇਗੀ, ਜਿਸ ਦੀ ਕੁੱਲ ਪ੍ਰਸਤਾਵਿਤ ਸਮਰੱਥਾ ਸਾਲਾਨਾ 2,00,000 ਮੀਟ੍ਰਿਕ ਟਨ ਹੋਵੇਗੀ ਤੇ ਇਸ ’ਚ 1,40,000 ਮੀਟ੍ਰਿਕ ਟਨ ਪਾਣੀ-ਆਧਾਰਤ ਐਡਹੇਸਿਵ ਪਦਾਰਥ ਅਤੇ 60,000 ਮੀਟ੍ਰਿਕ ਟਨ ਵਾਟਰਪਰੂਫਿੰਗ ਉਤਪਾਦ ਸ਼ਾਮਲ ਹਨ। ਇਹ ਸਹੂਲਤ ਮੁੱਖ ਤੌਰ ’ਤੇ ਘਰੇਲੂ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਤੇ ਭਵਿੱਖ ’ਚ ਆਲੇ-ਦੁਆਲੇ ਦੇ ਬਾਜ਼ਾਰਾਂ ’ਚ ਐਕਸਪੋਰਟ ਦੀ ਸੰਭਾਵਨਾ ਵਧਣਗੀਆਂ।

ਇਸ ਪ੍ਰਾਜੈਕਟ ਰਾਹੀਂ ਪੈਦਾ ਹੋਣ ਵਾਲੀਆਂ ਰੁਜ਼ਗਾਰ ਸੰਭਾਵਨਾ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਰੁਜ਼ਗਾਰ ਦੇ ਲੱਗਭਗ 300 ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ’ਚ ਹੁਨਰਮੰਦ, ਅਰਧ-ਹੁਨਰਮੰਦ ਅਤੇ ਨਿਗਰਾਨ ਸ਼੍ਰੇਣੀਆਂ ’ਚ ਸਿੱਧੀਆਂ ਤੇ ਅਸਿੱਧੀਆਂ ਨੌਕਰੀਆਂ ਸ਼ਾਮਲ ਹਨ। ਇਹ ਸਹੂਲਤ ਸਰਬੋਤਮ ਉਦਯੋਗਿਕ ਅਭਿਆਸਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਕਿਰਿਆ ਲਈ ਆਧੁਨਿਕ ਉਪਕਰਣਾਂ, ਉਪਯੋਗਤਾਵਾਂ ਤੇ ਅਨੁਕੂਲ ਮਾਹੌਲ ਸਮੇਤ ਸਿਹਤ ਤੇ ਸੁਰੱਖਿਆ (ਈ.ਐੱਚ.ਐੱਸ.) ਪ੍ਰਣਾਲੀਆਂ ਨਾਲ ਤਿਆਰ ਕੀਤੀ ਜਾਵੇਗੀ।

ਸੰਜੀਵ ਅਰੋੜਾ ਨੇ ਕਿਹਾ ਕਿ ਪਿਡੀਲਾਈਟ ਵੱਲੋਂ ਉੱਤਰੀ ਭਾਰਤ ਵਿਚ ਆਪਣੇ ਨਿਰਮਾਣ ਨੂੰ ਮਜ਼ਬੂਤ ​​ਕਰਨ ਅਤੇ ਵਧ ਰਹੀ ਖੇਤਰੀ ਮੰਗ ਨੂੰ ਪੂਰਾ ਕਰਨ ਦੀ ਰਣਨੀਤੀ ਤਹਿਤ ਪੰਜਾਬ ਵਿਚ ਇਹ ਪ੍ਰਸਤਾਵਿਤ ਸਹੂਲਤ ਸਥਾਪਿਤ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਨੂੰ ਦਸੰਬਰ 2027 ਤੱਕ ਵਪਾਰਕ ਉਤਪਾਦਨ ਲਈ ਕਾਰਜਸ਼ੀਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਅਹਿਮ ਨਿਵੇਸ਼ ਇਕ ਵਾਰ ਫਿਰ ਵੱਡੇ ਪੱਧਰ ’ਤੇ ਨਿਰਮਾਣ ਸਹੂਲਤਾਂ ਸਥਾਪਿਤ ਕਰਨ ਦੇ ਪਸੰਦੀਦਾ ਸਥਾਨ ਵਜੋਂ ਪੰਜਾਬ ਦੀ ਵਧ ਰਹੀ ਮੰਗ ਨੂੰ ਦਰਸਾਉਂਦਾ ਹੈ, ਜੋ ਕਿ ਮਜ਼ਬੂਤ ​​ਉਦਯੋਗਿਕ ਬੁਨਿਆਦੀ ਢਾਂਚੇ, ਸ਼ਾਨਦਾਰ ਸੰਪਰਕ, ਹੁਨਰਮੰਦ ਸਟਾਫ ਅਤੇ ਸਰਕਾਰ ਦੇ ਇਕ ਪ੍ਰਗਤੀਸ਼ੀਲ, ਨਿਵੇਸ਼ਕ-ਪੱਖੀ ਨੀਤੀਗਤ ਢਾਂਚੇ ਰਾਹੀਂ ਸੰਭਵ ਹੋਇਆ ਹੈ।

Read More : 452 ਗ੍ਰਾਮ ਆਈਸ ਡਰੱਗ ਅਤੇ ਹਥਿਆਰਾਂ ਸਣੇ 2 ਸਮੱਗਲਰ ਗ੍ਰਿਫਤਾਰ

Leave a Reply

Your email address will not be published. Required fields are marked *