– ਘਨੌਰ ਹਲਕੇ ਅੰਦਰ ਸਭ ਤੋਂ ਵੱਧ 8 ਹਜ਼ਾਰ ਏਕੜ ਫ਼ਸਲ ਨੂੰ ਹੋਇਆ ਨੁਕਸਾਨ
– ਅੱਜ ਵੀ ਦਰਜਨਾਂ ਪਿੰਡ ਸੜਕਾਂ ਤੋਂ ਕਟੇ ਰਹੇ
ਪਟਿਆਲਾ, 6 ਸਤੰਬਰ : ਹੜ੍ਹਾਂ ਦੀ ਮਾਰ ਕਾਰਨ ਪਾਣੀ ਦੇ ਕਹਿਰ ਨੇ ਇਸ ਸਮੇਂ ਜ਼ਿਲਾ ਪਟਿਆਲਾ ਅੰਦਰ ਵੀ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਹੁਣ ਤੱਕ ਜ਼ਿਲਾ ਪਟਿਆਲਾ ਵਿਚ 11 ਹਜ਼ਾਰ ਏਕੜ ਤੋਂ ਵਧ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ। ਇਕਲੇ ਹਲਕਾ ਘਨੌਰ ਵਿਚ ਹੀ 8 ਹਜ਼ਾਰ ਏਕੜ ਤੋਂ ਵਧ ਫਸਲ ਦਾ ਨੁਕਸਾਨ ਹੋਇਆ ਹੈ। ਓਧਰੋਂ ਅੱਜ ਵੀ ਦਰਜਨਾਂ ਪਿੰਡ ਹੜ੍ਹ ਦੇ ਕਹਿਰ ਕਾਰਨ ਸੜਕਾਂ ਤੋਂ ਕਟੇ ਰਹੇ।
ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਤਹਿਤ ਅੱਜ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਡੇਂਜਰ ਲੈਵਲ ਤੋਂ ਅੱਧਾ ਫੁੱਟ ਘਟ ਗਿਆ ਹੈ। ਡੇਂਜਰ ਲੈਵਲ 16 ਫੁੱਟ ਹੈ, ਲੰਘੇ ਕਲ ਘੱਗਰ 17 ਫੁੱਟ ਤੋਂ ਵਧ ਚਲ ਰਿਹਾ ਸੀ। ਇਸ ਤਰ੍ਹਾ ਘੱਗਰ ਦੇਰ ਸ਼ਾਮ ਤੱਕ ਡੇਢ ਫੁੱਟ ਦੇ ਕਰੀਬ ਨੀਵਾ ਹੋਇਆ ਹੈ ਪਰ ਪਾਣੀ ਦਾ ਕਹਿਰ ਬਰਸਾ ਰਿਹਾ ਹੈ।
ਟਾਂਗਰੀ ਇਸ ਸਮੇੇ ਖਤਰੇ ਦੇ ਨਿਸ਼ਾਨ ਤੋਂ ਸਾਢੇ 4 ਫੁੱਟ ਉਪਰ ਚਲ ਰਹੀ ਹੈ, ਮਾਰਕੰਡਾ ਵੀ ਖਤਰੇ ਦੇ ਨਿਸ਼ਾਨ ਤੋ ਇਕ ਫੁੱਟ ਉਪਰ ਚਲ ਰਿਹਾ ਹੈ। ਭਾਂਖਰਪੁਰ ਘੱਗਰ ਵਿਚ ਅੱਜ ਵੀ ਸਾਢੇ 3 ਫੁੱਟ ਦੇ ਕਰੀਬ ਪਾਣੀ ਸੀ, ਜੋ ਕਿ ਬਹੁਤਾ ਜ਼ਿਆਦਾ ਨਹੀਂ ਹੈ। ਪਟਿਆਲਾ ਨਦੀ ਲਗਭਗ ਕਲੀਅਰ ਹੈ।
ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਜੁਟਾਏ ਮੁੱਢਲੇ ਅੰਕੜਿਆਂ ਤਹਿਤ ਘਨੌਰ ਹਲਕੇ ਅੰਦਰ ਸਭ ਤੋਂ ਵੱਧ 8 ਹਜ਼ਾਰ ਏਕੜ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਿਆ ਹੈ ਤੇ ਨੁਕਸਾਨੀ ਗਈ ਇਹ ਫ਼ਸਲ ਦਾ ਰਕਬਾ ਕਈ ਪਿੰਡਾਂ ਦਾ ਹੈ। ਘਨੌਰ ਹਲਕੇ ਅੰਦਰ ਕਾਮੀ ਖੁਰਦ, ਸਮਸਪੁਰ, ਚਮਾਰੂ, ਉਟਸਰ, ਜੰਡ ਮਗੋਲੀ, ਲਾਛਰੂ ਕਲਾਂ ਸਰਾਲਾ ਕਲਾਂ ਰਾਮਪੁਰ, ਸੰਜਰਪੁਰ, ਰਾਏਪੁਰ, ਨਨਹੇੜੀ, ਦੜਬਾ, ਮਹਿਦੂਦਾਂ, ਜੰਡ ਮਗੋਲੀ, ਮੰਬੋਲੀ, ਘਨੌਰੀ ਖੇੜਾ, ਪਿੱਪਲ ਮਗੋਲੀ, ਬੋਲਪੁਰ, ਤਪਲਾ ਆਦਿ ਪਿੰਡਾਂ ਵਿਚ ਘੱਗਰ ਦੇ ਪਾਣੀ ਨੇ ਵੱਡੀ ਪੱਧਰ ’ਤੇ ਤਬਾਹੀ ਮਚਾ ਕੇ ਫਸਲਾਂ ਨੂੰ ਭਾਰੀ ਨੁਕਸਾਨ ਪਹੁਚਾਇਆ ਹੈ। ਘਨੌਰ ਹਲਕੇ ਅੰਦਰ ਖੇਤਾਂ ’ਚ ਪਾਣੀ ਅਜੇ ਪੁਰੀ ਤਰ੍ਹਾਂ ਭਰਿਆ ਹੋਇਆ ਹੈ ਜਦ ਕਿ ਪਿੰਡਾਂ ’ਚੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ।
ਇਸੇ ਤਰ੍ਹਾਂ ਹੀ ਸਨੌਰ ਹਲਕੇ ਦੇ ਜਨਹੇੜੀ ਬਲਾਕ ਵਿਚ 1200 ਏਕੜ ਤੋਂ ਜਿਆਦਾ ਝੋਨੇ ਦੀ ਫਸਲ ਅੰਦਰ ਪਾਣੀ ਭਰਿਆ ਹੈ। ਇਥੇ ਟਾਂਗਰੀ ਨਦੀ ਸਮੇਤ ਘੋਗਰ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਬਲਾਕ ਦੇ ਮਹਿਮੂਦਪੁਰ, ਜਲਾਹਖੇੜੀ, ਉਲਟਪੁਰ, ਭਸਮੜਾ, ਘੜਾਮ, ਬੁੱਧਮੋਰ, ਜੋਧਪੁਰ, ਬੀਬੀਪੁਰ ਖੁਰਦ, ਦੁੱਧਣ ਗੁੱਜਰਾਂ, ਮੋਹਲਗੜ੍ਹ ਮਾਤੂ ਆਦਿ ਪਿੰਡ ਸ਼ਾਮਲ ਹਨ। ਸਮਾਣਾ-ਪਾਤੜਾਂ ਅੰਦਰ 3000 ਏਕੜ ਤੋਂ ਵੱਧ ਰਕਬੇ ਅੰਦਰ ਘੱਗਰ ਦੇ ਪਾਣੀ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਤਹਿਸ-ਨਹਿਸ ਕੀਤਾ ਹੈ। ਸਮਾਣਾ ਦੇ ਪਿੰਡ ਸਪਰਹੇੜੀ ਛੰਨਾ, ਅਸਮਾਨਪੁਰ, ਰਤਨਹੇੜੀ, ਮਰੋੜੀ, ਮਰਦਾਹੜੀ ਤੇ ਹਰਚੰਦਪੁਰਾ ਪਿੰਡ ਸ਼ਾਮਲ ਹਨ।
ਅਜੇ 11300 ਏਕੜ ਝੋਨੇ ਦੀ ਫਸਲ ਦੇ ਵੇਰਵੇ ਇੱਕਤਰ ਹੋਏ ਹਨ : ਡਾ. ਜਸਵਿੰਦਰ ਸਿੰਘ
ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਮੁੱਢਲੇ ਤੌਰ ’ਤੇ 11300 ਏਕੜ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਵੇਰਵਾ ਇਕੱਤਰ ਹੋਇਆ ਹੈ ਤੇ ਆਉਂਦੇ ਦਿਨਾਂ ਵਿਚ ਇਹ ਅੰਕੜਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਖੇਤੀਬਾੜੀ ਵਿਭਾਗ ਵੱਲੋਂ ਇਹ ਰਿਪੋਰਟ ਅੱਗੇ ਉੱਚ ਅਧਿਕਾਰੀਆਂ ਸਮੇਤ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਬਾਕੀ ਖਰਾਬੇ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।
ਹਰਿਆਊ ਕਲਾਂ, ਚੁਨਾਗਰਾ, ਸੇਲਵਾਲ, ਧੂਹੜ, ਖੇੜੀ ਨਗਾਈਆਂ, ਦੁਗਾਲ ਕਲਾ ਪਿੰਡਾਂ ਦੀ ਝੋਨੇ ਦੀ ਫਸਲ ਅੰਦਰ ਪਾਣੀ ਭਰਿਆ ਹੈ। ਨਾਤਾ ਕ ਏਰੀਏ ਅੰਦਰ 20 ਏਕੜ ਤੋਂ ਵੱਧ ਫਸਲਾਂ ਨੁਕਸਾਨੀਆਂ ਗਈਆ ਹਨ। ਵੱਡੀ ਗੱਲ ਇਹ ਹੈ ਕਿ ਝੋਨੇ ਦੀ ਫਸਲ ਨਿੱਸਰ ਰਹੀ ਸੀ ਤੇ ਕੁਝ ਪਕਣ ਕਿਨਾਰੇ ਸੀ ਜੋ ਕੁੱਝ ਹੀ ਸਮੇਂ ਬਾਅਦ ਇਸ ਦੀ ਕਟਾਈ ਹੋਣੀ ਸੀ। ਘੱਗਰ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰਕੇ ਕਰੋੜਾਂ ਰੁਪਏ ਦਾ ਨੁਕਸਾਨ ਕਿ ਕੀਤਾ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਉਠਾਉਣਾ ਪੈ ਸਕਦਾ ਹੈ।
Read More : ਪਿਉ ਨੇ ਮੰਦਬੁੱਧੀ ਨਾਬਾਲਿਗ ਧੀ ਕੀਤਾ ਜਬਰ-ਜ਼ਨਾਹ