ਕਿਸੇ ਸਮੇਂ ਵੀ ਖੋਲ੍ਹੇ ਜਾ ਸਕਦੇ ਹਨ ਫਲੱਡ ਗੇਟ
ਹੁਸ਼ਿਆਰਪੁਰ, 4 ਅਗਸਤ : ਹਿਮਾਚਲ ਪ੍ਰਦੇਸ਼ ’ਚ ਹੋ ਰਹੀ ਬਾਰਿਸ਼ ਨਾਲ ਪੰਜਾਬ ’ਚ ਬਣੇ ਡੈਮਾਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਜ਼ਿਲਾ ਹੁਸ਼ਿਆਰਪੁਰ ਦੇ ਤਲਵਾੜਾ ’ਚ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ’ਚ ਪਾਣੀ ਦੇ ਪੱਧਰ ’ਚ 24 ਘੰਟਿਆਂ ’ਚ ਹੀ ਤਿੰਨ ਫੁੱਟ ਦਾ ਵਾਧਾ ਹੋ ਗਿਆ ਹੈ। ਐਤਵਾਰ ਨੂੰ ਇਸ ’ਚ ਪਾਣੀ ਦਾ ਪੱਧਰ ਦੁਪਹਿਰ ਚਾਰ ਵਜੇ 1366.04 ਤੱਕ ਪੁੱਜ ਗਿਆ ਜਦਕਿ ਸ਼ਨੀਵਾਰ ਨੂੰ ਇਸੇ ਸਮੇਂ ਦੌਰਾਨ ਇਸ ਦਾ ਪਾਣੀ ਦਾ ਪੱਧਰ 1363.05 ਫੁੱਟ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਡੈਮ ਦੀ ਕੁਲ ਸਮਰੱਥਾ 1390 ਫੁੱਟ ਦੀ ਹੈ ਤੇ ਡੈਮ ’ਚ 1365 ਫੁੱਟ ਤੱਕ ਪਾਣੀ ਪੁੱਜਣ ਤੋਂ ਬਾਅਦ ਇਸ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਡੈਮ ਮੈਨੇਜਮੈਂਟ ਵੱਲੋਂ ਲਿਆ ਜਾਂਦਾ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵੱਲੋਂ ਇਕ ਦਿਨ ਪਹਿਲਾਂ ਹੀ ਡੈਮ ਨਾਲ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ’ਚ ਦਰਿਆ ਦੇ ਨੇੜਲੇ ਲੋਕਾਂ ਨੂੰ ਚੌਕਸ ਕਰ ਦੇਣ ਤੇ ਜ਼ਰੂਰੀ ਪ੍ਰਬੰਧ ਕਰ ਲੈਣ ਤਾਂ ਜੋ ਡੈਮ ਦੇ ਫਲੱਡ ਗੇਟ ਖੋਲ੍ਹਣ ’ਤੇ ਹੇਠਲੇ ਇਲਾਕਿਆਂ ’ਚ ਪਾਣੀ ਆਉਣ ਤੋਂ ਬਚਾਅ ਹੋ ਸਕੇ।
ਐਤਵਾਰ ਨੂੰ ਡੈਮ ਦੇ ਪਾਣੀ ਦਾ ਪੱਧਰ ਫਲੱਡ ਗੇਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਅਜੇ ਗੇਟ ਨਹੀਂ ਖੋਲ੍ਹੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਪਾਣੀ ਵਧਦਾ ਗਿਆ ਤਾਂ ਕਿਸੇ ਵੇਲੇ ਵੀ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ।
ਹੋਰ ਡੈਮਾਂ ਦੀ ਗੱਲ ਕਰੀਏ ਤਾਂ ਨੰਗਲ ਸਥਿਤ ਭਾਖੜਾ ਡੈਮ ’ਚ ਵੀ ਪਾਣੀ ਦਾ ਪੱਧਰ ਪਿਛਲੇ 24 ਘੰਟਿਆਂ ’ਚ 2.64 ਫੁੱਟ ਵਧ ਕੇ 1,628.62 ਫੁੱਟ ਤੱਕ ਪੁੱਜ ਗਿਆ ਹੈ। ਹਾਲਾਂਕਿ ਇਹ ਪਾਣੀ ਦਾ ਪੱਧਰ ਅਜੇ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 50 ਫੁੱਟ ਹੇਠਾਂ ਹੈ। ਇਸ ਡੈਮ ਦੀ ਆਮ ਜਲ ਭੰਡਾਰਨ ਸਮਰੱਥਾ 1680 ਫੁੱਟ ਹੈ ਤੇ ਫਲੱਡ ਕੰਟਰੋਲ ਗੇਟਾਂ ਦਾ ਲੈਵਲ 1645 ਫੁੱਟ ਹੈ। ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਇੱਥੇ 24 ਘੰਟਿਆਂ ’ਚ ਪਾਣੀ ਦਾ ਪੱਧਰ 513.62 ਫੁੱਟ ਤੋਂ ਵੱਧ ਕੇ 514.91 ਫੁੱਟ ’ਤੇ ਪੁੱਜ ਗਿਆ।
Read More : ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆ