ਰਾਘਵ ਚੱਢਾ ਨੇ ਪੰਜਾਬ ’ਚ ਪਾਣੀ ਦੇ ਗੰਭੀਰ ਸੰਕਟ ਦੀ ਸਥਿਤੀ ਉਤੇ ਡੂੰਘੀ ਚਿੰਤਾ ਜ਼ਾਹਿਰ ਕੀਤਾ
ਚੰਡੀਗੜ੍ਹ, 4 ਦਸੰਬਰ : ਲੋਕ ਸਭਾ ਅਤੇ ਰਾਜ ਸਭਾ ਵਿਚ ਪੰਜਾਬ ਦੇ ਮਸਲਿਆਂ ਦੀ ਆਵਾਜ਼ ਉਠੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ’ਚ ਪੰਜਾਬ ’ਚ ਪਾਣੀ ਦੇ ਗੰਭੀਰ ਸੰਕਟ ਦੀ ਸਥਿਤੀ ਉਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਵਾਲੇ ਅਤੇ ਹਰੀ ਕ੍ਰਾਂਤੀ ਦੀ ਅਗਵਾਈ ਕਰਨ ਵਾਲੇ ਪੰਜਾਬ ਨੂੰ ਅੱਜ ਪਾਣੀ ਦੀ ਗੁਣਵੱਤਾ ਅਤੇ ਮਾਤਰਾ ਦੋਹਾਂ ਪੱਖੋਂ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਗੁਰੂ ਨਾਨਕ ਦੇਵ ਜੀ ਦਾ ਹਵਾਲਾ ਦਿੰਦੇ ਹੋਏ ਚੱਢਾ ਨੇ ਕਿਹਾ ਕਿ ‘‘ਹਵਾ ਗੁਰੂ ਹੈ, ਪਾਣੀ ਪਿਤਾ ਹੈ ਅਤੇ ਧਰਤੀ ਮਾਂ ਹੈ। ਚੱਢਾ ਨੇ ਪੰਜਾਬ ਵਿਚ ਪਾਣੀ ਦੇ ਸੰਕਟ ਦੇ ਤਿੰਨ ਗੰਭੀਰ ਪਹਿਲੂਆਂ ਵਲ ਸਦਨ ਦਾ ਧਿਆਨ ਦਿਵਾਇਆ।
ਸੰਸਦ ਮੈਂਬਰ ਮੁਤਾਬਕ ਭਾਰਤ ਸਰਕਾਰ ਦੀ 2025 ਦੀ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਰੀਪੋਰਟ ’ਚ ਪਾਇਆ ਗਿਆ ਹੈ ਕਿ ਯੂਰੇਨੀਅਮ ਪ੍ਰਦੂਸ਼ਣ ਪੰਜਾਬ ’ਚ ਸੱਭ ਤੋਂ ਵੱਧ ਹੈ। ਨਾਸਾ ਦੇ ਗ੍ਰੇਸ ਸੈਟੇਲਾਈਟ ਮੁਤਾਬਕ ਪੰਜਾਬ ਦੁਨੀਆਂ ਦਾ ਸੱਭ ਤੋਂ ਤੇਜ਼ੀ ਨਾਲ ਧਰਤੀ ਹੇਠਲੇ ਪਾਣੀ ਦਾ ਨੁਕਸਾਨ ਕਰਨ ਵਾਲਾ ਖੇਤਰ ਹੈ।
ਉਨ੍ਹਾਂ ਕਿਹਾ ਕਿ ਸਤਲੁਜ, ਬਿਆਸ ਅਤੇ ਘੱਗਰ ਨਦੀਆਂ ਉਦਯੋਗਿਕ ਰਹਿੰਦ-ਖੂੰਹਦ, ਰਸਾਇਣਾਂ, ਫਾਰਮਾਸਿਊਟੀਕਲ ਰਹਿੰਦ-ਖੂੰਹਦ ਅਤੇ ਬਿਨਾਂ ਸੋਧੇ ਸੀਵਰੇਜ ਕਾਰਨ ਜ਼ਹਿਰੀਲੇ ਹੋ ਗਈਆਂ ਹਨ। ਸੀ.ਬੀ.ਸੀ.ਬੀ. ਦੇ ਅੰਕੜਿਆਂ ਮੁਤਾਬਕ ਪੰਜਾਬ ਦੀਆਂ 76 ਫੀ ਸਦੀ ਨਦੀਆਂ ਦੇਸ਼ ਦੀਆਂ ਸੱਭ ਤੋਂ ਪ੍ਰਦੂਸ਼ਿਤ ਸ਼੍ਰੇਣੀਆਂ ’ਚ ਸ਼ਾਮਲ ਹਨ।
ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਨਾਲ ਸਬੰਧਤ ਪੰਜ ਲੰਬੇ ਸਮੇਂ ਤੋਂ ਲਟਕ ਰਹੇ ਜਨਤਕ ਮੁੱਦੇ ਉਠਾਏ
ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿਚ ਚੰਡੀਗੜ੍ਹ ਨਾਲ ਸਬੰਧਤ ਪੰਜ ਲੰਬੇ ਸਮੇਂ ਤੋਂ ਲਟਕ ਰਹੇ ਜਨਤਕ ਮੁੱਦੇ ਉਠਾਏ ਗਏ। ਸਿਫ਼ਰ ਕਾਲ ਦੌਰਾਨ ਸੰਸਦ ਮੈਂਬਰ ਨੇ ਹੇਠ ਲਿਖੇ ਮੁੱਦਿਆਂ ਨੂੰ ਉਜਾਗਰ ਕੀਤਾ, ਤੇਜ਼ੀ ਨਾਲ ਹੱਲ ਦੀ ਜ਼ਰੂਰਤ ’ਤੇ ਜ਼ੋਰ ਦਿਤਾ।
ਪਹਿਲਾ ਉਨ੍ਹਾਂ ਚੰਡੀਗੜ੍ਹ ਵਿਚ ਸ਼ੇਅਰ-ਵਾਰ ਜਾਇਦਾਦ ਦੀ ਵਿਕਰੀ ’ਤੇ ਪਾਬੰਦੀ ਦਾ ਮੁੱਦਾ ਚੁੱਕਿਆ ਤੇ ਰਾਹਤ ਅਤੇ ਪੁਨਰਵਾਸ ਕਲੋਨੀਆਂ ਦੇ ਨਿਵਾਸੀਆਂ ਨੂੰ ਮਾਲਕੀ ਅਧਿਕਾਰ ਦੇਣ ਦੀ ਵਕਾਲਤ ਕੀਤੀ ਫੇਰ ਉਨ੍ਹਾਂ ਨੇ ਚੰਡੀਗੜ੍ਹ ਦੇ 22 ਪਿੰਡਾਂ ਵਿਚ ਲਾਲ ਡੋਰਾ ਦੇ ਖ਼ਾਤਮੇ ਸਬੰਧੀ ਪੇਚੀਦਗੀਆਂ ਦੀ ਗੱਲ ਛੇੜੀ।
ਇਸ ਦੇ ਨਾਲ ਹੀ ਐਮਪੀ ਤਿਵਾੜੀ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਰਿਹਾਇਸ਼ੀ ਇਕਾਈਆਂ ਵਿਚ ਲੋੜ-ਆਧਾਰਤ ਤਬਦੀਲੀਆਂ ਨੂੰ ਨਿਯਮਤ ਕਰਨ ਦੀ ਮੰਗ ਕੀਤੀ।
ਗੁਰਜੀਤ ਔਜਲਾ ਨੇ ਲੋਕ ਸਭਾ ਵਿਚ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਸਬੰਧੀ ਪ੍ਰਸਤਾਵ ਪੇਸ਼ ਕੀਤਾ
ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿਚ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਸਬੰਧੀ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ, ਗੈਂਗਵਾਰ, ਵਸੂਲੀ ਅਤੇ ਐਨਆਰਆਈ ਪ੍ਰਵਾਰਾਂ ਨੂੰ ਮਿਲ ਰਹੀਆਂ ਧਮਕੀਆਂ ਚਿੰਤਾਜਨਕ ਹਨ ਅਤੇ ਇਹ ਮਾਮਲਾ ਹੁਣ ਰਾਸ਼ਟਰੀ ਸੁਰੱਖਿਆ ਨਾਲ ਜੁੜ ਗਿਆ ਹੈ।
ਪਿੰਡਾਂ ਵਿਚ ਨਸ਼ਾ ਖੁਲ੍ਹੇਆਮ ਵਿਕਣ, ਕਈ ਗੰਭੀਰ ਅਪਰਾਧ ਜੇਲਾਂ ਦੇ ਅੰਦਰੋਂ ਚਲਾਏ ਜਾ ਰਹੇ ਹਨ। ਗੈਂਗਸਟਰ ਦੇ ਫੈਲੇ ਸੰਘਣੇ ਜਾਲ, ਜੇਲ ਗਤੀਵਿਧੀਆਂ ਅਤੇ ਬੇਰੁਜ਼ਗਾਰੀ ਸਬੰਧੀ ਜਾਂਚ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿਚ ਕਰਵਾਈ ਜਾਵੇ।
Read More : ਗੁਰਦਾਸਪੁਰ ਗ੍ਰੇਨੇਡ ਹਮਲੇ ’ਚ ਵੱਡੀ ਕਾਮਯਾਬੀ
