ਮਹਿਲਾ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਤੁਰੰਤ ਮੁਅੱਤਲ
ਗੁਰਦਾਸਪੁਰ, 19 ਜੁਲਾਈ :-ਸੋਸ਼ਲ ਮੀਡੀਆ ’ਤੇ ਇਕ ਨਾਇਬ ਤਹਿਸੀਲਦਾਰ ਵੱਲੋਂ ਰਿਸ਼ਵਤ ਲੈਣ ਦੀ ਕਥਿਤ ਵੀਡੀਓ ਵਾਇਰਲ ਹੋਣ ਦੇ ਬਾਅਦ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲਿਆ ਹੈ ਜਿਸਦੇ ਚਲਦਿਆਂ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ- ਕਮ- ਵਿੱਤ ਕਮਿਸ਼ਨਰ ਵੱਲੋਂ ਉਕਤ ਨਾਇਬ ਤਹਿਸੀਲਦਾਰ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ। ਸਰਕਾਰ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਉਕਤ ਪਟਵਾਰੀ ਨੂੰ ਵੀ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਫਤਿਹਗੜ੍ਹ ਚੂੜੀਆਂ ਦੀ ਨਾਇਬ ਤਹਿਸੀਲਦਾਰ ਜਸਵੀਰ ਕੌਰ ਇਕ ਪਟਵਾਰੀ ਤੋਂ ਪੈਸੇ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਮੁਅੱਤਲੀ ਲਈ ਜਾਰੀ ਪੱਤਰ ਵਿਚ ਕਿਹਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਹੈ। ਇਸ ਲਈ ਉਕਤ ਮਹਿਲਾ ਨਾਇਬ ਤਹਿਸੀਲਦਾਰ ਨੂੰ ਤੁਰੰਤ ਮੁਅੱਤਲ ਕਰ ਕੇ ਉਨ੍ਹਾਂ ਦਾ ਹੈੱਡ ਕੁਆਰਟਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦਫਤਰ ’ਚ ਬਣਾਇਆ ਗਿਆ ਹੈ।
ਇਸ ਦੇ ਨਾਲ ਹੀ ਇਕ ਵੱਖਰਾ ਪੱਤਰ ਜਾਰੀ ਕਰਕੇ ਮਾਲ ਵਿਭਾਗ ਦੇ ਅਧੀਨ ਸਕੱਤਰ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਾਰੇ ਮਾਮਲੇ ਦੀ ਪੜਤਾਲ ਲਈ ਵਿਜੀਲੈਂਸ ਨੂੰ ਸੌਂਪਣ ਦੀ ਵੀ ਹਿਦਾਇਤ ਕੀਤੀ ਹੈ। ਇਸ ਪੱਤਰ ’ਚ ਕਿਹਾ ਗਿਆ ਹੈ ਕਿ ਵਿਜੀਲੈਂਸ ਦੇ ਐੱਸ.ਐੱਸ.ਪੀ. ਨੂੰ ਤੁਰੰਤ ਪੱਤਰ ਲਿਖ ਕੇ ਇਸ ਮਾਮਲੇ ਦੀ ਪੜਤਾਲ ਕਰਵਾਈ ਜਾਵੇ ਅਤੇ ਨਾਲ ਹੀ ਸੰਬੰਧਿਤ ਪਟਵਾਰੀ ਨੂੰ ਵੀ ਤੁਰੰਤ ਮੁਅੱਤਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦਾ ਹੈੱਡਕੁਆਰਟਰ ਗੁਰਦਾਸਪੁਰ ਵਿਖੇ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਸਰਕਾਰ ਦੇ ਧਿਆਨ ’ਚ ਇਹ ਮਾਮਲਾ ਆਉਣ ’ਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਜਿਸ ਦੀ ਇਲਾਕੇ ’ਚ ਕਾਫੀ ਚਰਚਾ ਹੈ।
Read More : ਅਨਮੋਲ ਗਗਨ ਮਾਨ ਨੇ ਲਿਆ ਸਿਆਸਤ ਛੱਡਣ ਦਾ ਫੈਸਲਾ