ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ, ਸ਼ਹਿਰ ਦੇ ਸਕੂਲ ਕੀਤੇ ਬੰਦ
ਹਨੂੰਮਾਨਗੜ੍ਹ 3 ਅਕਤੂਬਰ : ਰਾਜਸਥਾਨ ਵਿਚ ਹਨੂੰਮਾਨਗੜ੍ਹ ਦੇ ਗੋਲੂਵਾਲਾ ਕਸਬੇ ਵਿਚ ਸਥਿਤ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਚ ਪ੍ਰਬੰਧਕ ਕਮੇਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਹਿੰਸਕ ਝੜਪ ਵਿਚ ਬਦਲ ਗਿਆ।
ਜਾਣਕਾਰੀ ਅਨੁਸਾਰ ਸਵੇਰੇ 3 ਵਜੇ ਦੇ ਕਰੀਬ ਇਕ ਪਾਸੇ ਦੇ 80 ਤੋਂ ਵੱਧ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਝੜਪ ਹੋ ਗਈ, ਜਿਸ ਵਿਚ ਬੱਚਿਆਂ ਸਮੇਤ ਕਰੀਬ 8 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦੇ ਹੱਥਾਂ, ਲੱਤਾਂ ਅਤੇ ਸਿਰ ਵਿੱਚ ਸੱਟਾਂ ਲੱਗੀਆਂ। ਸਥਾਨਕ ਹਸਪਤਾਲ ਵਿਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਕਈ ਜ਼ਖ਼ਮੀਆਂ ਨੂੰ ਸ੍ਰੀ ਗੰਗਾਨਗਰ ਜ਼ਿਲਾ ਹਸਪਤਾਲ ਰੈਫ਼ਰ ਕਰ ਦਿਤਾ ਗਿਆ।
ਸੂਚਨਾ ਮਿਲਣ ‘ਤੇ ਗੋਲੂਵਾਲਾ ਥਾਣਾ ਤੁਰੰਤ ਮੌਕੇ ‘ਤੇ ਪਹੁੰਚਿਆ। ਸਥਿਤੀ ਵਿਗੜਦੀ ਦੇਖ ਕੇ ਪ੍ਰਸ਼ਾਸਨ ਨੇ 15 ਥਾਣਿਆਂ ਦੀ ਪੁਲਿਸ ਅਤੇ ਆਰ. ਏ. ਸੀ . ਕਰਮਚਾਰੀ ਤਾਇਨਾਤ ਕੀਤੇ। ਪੁਲਿਸ ਲਾਈਨਾਂ ਤੋਂ ਵੀ ਵਾਧੂ ਬਲ ਮੰਗਵਾਏ ਗਏ। ਸਾਵਧਾਨੀ ਵਜੋਂ ਸ਼ਹਿਰ ਦੇ ਸਕੂਲ ਬੰਦ ਕਰ ਦਿੱਤੇ ਗਏ। ਪ੍ਰਸ਼ਾਸਨ ਨੇ ਗੋਲੂਵਾਲਾ ਵਿਚ ਧਾਰਾ 163 ਲਾਗੂ ਕਰ ਦਿੱਤੀ ਹੈ। ਚਾਰ ਜਾਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਹੋਵੇਗੀ। ਇਸ ਵੇਲੇ ਪੁਲਿਸ ਨਿਗਰਾਨੀ ਹੇਠ ਇਲਾਕੇ ਵਿਚ ਸਥਿਤੀ ਕਾਬੂ ਹੇਠ ਹੈ ਪਰ ਤਣਾਅ ਬਣਿਆ ਹੋਇਆ ਹੈ।
ਐੱਸ.ਪੀ. ਹਰੀ ਸ਼ੰਕਰ ਨੇ ਕਿਹਾ ਕਿ ਅੱਜ ਸਵੇਰੇ ਬਾਹਰੀ ਲੋਕਾਂ ਦੇ ਗੁਰਦੁਆਰਾ ਮਹਿਤਾਬ ਸਿੰਘ ਸਾਹਿਬ ਵਿਚ ਜ਼ਬਰਦਸਤੀ ਦਾਖ਼ਲ ਹੋਣ ‘ਤੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿਚ ਲਿਆਂਦਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ.ਪੀ. ਹਰੀ ਸ਼ੰਕਰ ਨੇ ਦੱਸਿਆ ਕਿ ਗੁਰਦੁਆਰਾ ਦੇ ਮੁੱਖ ਗ੍ਰੰਥੀ (ਮੈਨੇਜਰ) ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦੋ ਧਿਰਾਂ ਲੰਬੇ ਸਮੇਂ ਤੋਂ ਆਹਮੋ-ਸਾਹਮਣੇ ਹਨ। ਗੋਲੂਵਾਲਾ ਟਾਊਨ ਸਿੱਖ ਸੰਗਤ ਅਤੇ ਮੁੱਖ ਪ੍ਰਬੰਧਕ ਬੀਬੀ ਹਰਮੀਤ ਕੌਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਨੂੰ ਲੈ ਕੇ ਵਿਵਾਦ ਵਿਚ ਹਨ।
2009 ਵਿਚ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਗੋਲੂਵਾਲਾ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸਨ। ਉਹ ਲਗਭਗ 7 ਸਾਲ ਮੁੱਖ ਪ੍ਰਬੰਧਕ ਰਹੇ। 2016 ਵਿਚ ਪੰਜਾਬ ਵਿਚ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। 2016 ਵਿਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨਿਯੁਕਤ ਕੀਤਾ ਗਿਆ ਸੀ।
ਪਿਛਲੇ ਦੋ ਮਹੀਨਿਆਂ ਤੋਂ ਦੋਵੇਂ ਧਿਰਾਂ ਆਪਸ ਵਿਚ ਟਕਰਾਅ ਵਿਚ ਹਨ। ਗੋਲੂਵਾਲਾ ਟਾਊਨ ਸਿੱਖ ਸੰਗਤ ਬੀਬੀ ਹਰਮੀਤ ਕੌਰ ਨੂੰ ਹਟਾ ਕੇ ਇਕ ਨਵੀਂ ਕਮੇਟੀ ਬਣਾਉਣਾ ਚਾਹੁੰਦੀ ਹੈ। ਪ੍ਰਸ਼ਾਸਨ ਗੁਰਦੁਆਰਾ ਦੇ ਮੁੱਖ ਪ੍ਰਬੰਧਕ ਵਜੋਂ ਇਕ ਨਵੇਂ ਵਿਅਕਤੀ ਨੂੰ ਨਿਯੁਕਤ ਕਰਨਾ ਚਾਹੁੰਦਾ ਹੈ।
ਦੱਸ ਦਈਏ ਕਿ ਪ੍ਰਸ਼ਾਸਨ ਅਤੇ ਪੁਲਿਸ ਨੇ ਵਿਵਾਦ ਨੂੰ ਹੱਲ ਕਰਨ ਲਈ ਕਈ ਮੀਟਿੰਗਾਂ ਕੀਤੀਆਂ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਕੁਝ ਦਿਨ ਪਹਿਲਾਂ ਇਸ ਵਿਵਾਦ ਕਾਰਨ ਕਸਬੇ ਵਿਚ ਤਣਾਅਪੂਰਨ ਸਥਿਤੀ ਕਾਰਨ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਨੂੰ ਕਈ ਮੰਗ ਪੱਤਰ ਵੀ ਸੌਂਪੇ ਗਏ ਹਨ।
Read More : ਗੁਆਂਢੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ