ਵਿਜੀਲੈਂਸ ਬਿਊਰੋ

ਵਿਜੀਲੈਂਸ ਵੱਲੋਂ 1 ਲੱਖ ਦੀ ਰਿਸ਼ਵਤ ਲੈਂਦਾ ਡਰੱਗ ਇੰਸਪੈਕਟਰ ਰੰਗੇ ਹੱਥੀਂ ਕਾਬੂ

ਫ਼ੈਕਟਰੀ ਮਾਲਕ ਤੋਂ ਮੰਗੀ ਸੀ 2 ਲੱਖ ਰੁਪਏ ਰਿਸ਼ਵਤ; ਮਾਲ ਰੋਡ ’ਤੇ ਜਾਲ ਵਿਛਾ ਕੇ ਵਿਜੀਲੈਂਸ ਨੇ ਦਬੋਚਿਆ

ਬਠਿੰਡਾ, 7 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਇਕ ਡਰੱਗ ਇੰਸਪੈਕਟਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਇਲਾਕੇ ’ਚ ਸਥਿਤ ਇਕ ਦਵਾਈ ਫ਼ੈਕਟਰੀ ਦੇ ਮਾਲਕ ਰੌਮੀ ਬਾਂਸਲ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਉਸ ਕੋਲੋਂ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਨੇ ਜਾਲ ਵਿਛਾਇਆ। ਸ਼ਨੀਵਾਰ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਦੇਣ ਦੀ ਗੱਲ ਤੈਅ ਹੋਈ। ਡਰੱਗ ਇੰਸਪੈਕਟਰ ਨੇ ਫ਼ੈਕਟਰੀ ਮਾਲਕ ਨੂੰ ਪੈਸੇ ਲੈਣ ਲਈ ਮਾਲ ਰੋਡ ’ਤੇ ਬੁਲਾਇਆ। ਜਿਵੇਂ ਹੀ ਰਮਨਦੀਪ ਗੁਪਤਾ ਨੇ ਪੈਸੇ ਫੜੇ, ਵਿਜੀਲੈਂਸ ਟੀਮ ਨੇ ਉਸ ਦੀ ਗੱਡੀ ਨੂੰ ਘੇਰ ਲਿਆ ਅਤੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਗੱਡੀ ਵਿਚੋਂ ਰਿਸ਼ਵਤ ਦੇ 1 ਲੱਖ ਰੁਪਏ ਬਰਾਮਦ ਕੀਤੇ ਗਏ।

ਵਿਜੀਲੈਂਸ ਇੰਸਪੈਕਟਰ ਨਗਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਮੁਲਜ਼ਮ ਡਰੱਗ ਇੰਸਪੈਕਟਰ ਰਮਨਦੀਪ ਸਿੰਘ (ਗੁਪਤਾ) ਮੁਕਤਸਰ ਸਾਹਿਬ ਵਿਖੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਫ਼ੈਕਟਰੀ ਨੂੰ ਕੁਝ ਸਮਾਂ ਪਹਿਲਾਂ ਸੀਲ ਕੀਤਾ ਗਿਆ ਸੀ, ਜੋ ਹੁਣ ਖੁੱਲ੍ਹ ਚੁੱਕੀ ਸੀ। ਦੂਜੇ ਪਾਸੇ ਮੁਲਜ਼ਮ ਡਰੱਗ ਇੰਸਪੈਕਟਰ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਫਿਲਹਾਲ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜਾਂ ਡੋਨਾਲਡ ਟਰੰਪ : ਮਾਨ

Leave a Reply

Your email address will not be published. Required fields are marked *