ਸਿਮਰਨਦੀਪ ਕੌਰ ਤੇ ਸੁਨਵਰਦੀਪ ਸਿੰਘ ਸਮੇਤ ਹੋਰਨਾਂ ਨੂੰ ਦਿੱਤੀ ਵਧਾਈ; ਆਉਣ ਵਾਲੇ ਬਜਟ ’ਚ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਰੱਖੀ ਜਾਵੇਗੀ ਵਿਸ਼ੇਸ਼ ਰਾਸ਼ੀ
ਅੰਮ੍ਰਿਤਸਰ, 7 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ ਗਏ ਸਿੱਖ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਕ-ਇਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਯੂ.ਪੀ.ਐੱਸ.ਸੀ. ਵਰਗੀ ਸਖ਼ਤ ਪ੍ਰੀਖਿਆ ’ਚ ਕਾਮਯਾਬੀ ਹਾਸਲ ਕਰਨਾ ਨੌਜਵਾਨਾਂ ਦੀ ਮਿਹਨਤ ਅਤੇ ਹਾਂ-ਪੱਖੀ ਪਹੁੰਚ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਸਿਮਰਨਦੀਪ ਕੌਰ ਅਤੇ ਸੁਨਵਰਦੀਪ ਸਿੰਘ ਸਮੇਤ ਹੋਰ ਸਿੱਖ ਵਿਦਿਆਰਥੀਆਂ ਨੇ ਇਸ ਮੁਕਾਬਲਾ ਪ੍ਰੀਖਿਆ ਨੂੰ ਪਾਸ ਕਰਕੇ ਜਿੱਥੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਇਹ ਸਿੱਖ ਕੌਮ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਦੇਸ਼ ਭਰ ’ਚੋਂ 15ਵਾਂ ਸਥਾਨ ਪ੍ਰਾਪਤ ਕਰਨ ਵਾਲੀ ਸਿਮਰਨਦੀਪ ਕੌਰ ਸ਼੍ਰੋਮਣੀ ਕਮੇਟੀ ਦੇ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਉਤਸ਼ਾਹਿਤ ਕਰਨ ਹਿੱਤ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਆ ਰਹੇ ਬਜਟ ’ਚ ਪ੍ਰਸ਼ਾਸਕੀ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਵਿਸ਼ੇਸ਼ ਰਾਸ਼ੀ ਰੱਖੀ ਜਾਵੇਗੀ, ਤਾਂ ਜੋ ਲੋੜਵੰਦ ਗੁਰਸਿੱਖ ਬੱਚਿਆਂ ਨੂੰ ਇਸ ਖੇਤਰ ’ਚ ਅੱਗੇ ਵਧਣ ਲਈ ਸਹਿਯੋਗ ਮਿਲ ਸਕੇ। ਉਨ੍ਹਾਂ ਕਿਹਾ ਕਿ ਕੌਮ ਦੇ ਹੋਣਹਾਰ ਨੌਜਵਾਨਾਂ ਨੂੰ ਉੱਚ ਅਹੁਦਿਆਂ ’ਤੇ ਦੇਖਣਾ ਸ਼੍ਰੋਮਣੀ ਕਮੇਟੀ ਦਾ ਮੁੱਖ ਟੀਚਾ ਹੈ।
Read More : ਵਿਜੀਲੈਂਸ ਵੱਲੋਂ 1 ਲੱਖ ਦੀ ਰਿਸ਼ਵਤ ਲੈਂਦਾ ਡਰੱਗ ਇੰਸਪੈਕਟਰ ਰੰਗੇ ਹੱਥੀਂ ਕਾਬੂ
