ਗੈਂਗਸਟਰ ਜ਼ੋਰਾ ਡੇਰਾ ਬਾਬਾ ਨਾਨਕ ਅਤੇ ਮਿੰਟੂ ਜੋਰਬ ਨੇ ਸੋਸ਼ਲ ਮੀਡੀਆ ’ਤੇ ਲਈ ਹਮਲੇ ਦੀ ਜ਼ਿੰਮੇਵਾਰੀ
ਡੇਰਾ ਬਾਬਾ ਨਾਨਕ, 25 ਮਾਰਚ : ਸੂਬੇ ’ਚ ਆਏ ਦਿਨ ਗੋਲੀ ਚੱਲਣ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਪੱਡਾ ਦੇ ਮੌਜੂਦਾ ਸਰਪੰਚ ਨਵਦੀਪ ਸਿੰਘ ਨਵ ਪੱਡਾ ਦੇ ਛੋਟੇ ਭਰਾ ਸੁਖਰਾਜ ਸਿੰਘ ਕਾਕਾ ਪੱਡਾ ’ਤੇ ਫਾਇਰਿੰਗ ਕੀਤੀ ਗਈ। ਇਸ ਹਮਲੇ ’ਚ ਸੁਖਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਦੇ ਭਰਾ ਨਵਦੀਪ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੁਖਰਾਜ ਸਿੰਘ ਕਿਸੇ ਕੰਮ ਲਈ ਸ਼ਾਹਪੁਰ ਜਾਜਨ ਗਿਆ ਸੀ। ਉੱਥੇ ਪਹਿਲਾਂ ਹੀ ਮੂੰਹ ਬੰਨ੍ਹ ਕੇ ਖੜ੍ਹੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੀ ਬਾਂਹ ਅਤੇ ਲੱਕ ’ਚ ਲੱਗੀਆਂ। ਉਸ ਨੂੰ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਕਾਰਨ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ, ਐੱਸ.ਪੀ.ਡੀ. ਸੰਦੀਪ ਵਡੇਹਰਾ, ਡੀ.ਐੱਸ.ਪੀ. ਜੋਗਾ ਸਿੰਘ ਅਤੇ ਐੱਸ.ਐੱਚ.ਓ. ਅਸ਼ੋਕ ਕੁਮਾਰ ਮੌਕੇ ’ਤੇ ਪਹੁੰਚੇ। ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਗੈਂਗਸਟਰਾਂ ਨੇ ਲਈ ਜ਼ਿੰਮੇਵਾਰੀ:
ਦੂਜੇ ਪਾਸੇ, ਗੈਂਗਸਟਰ ਜ਼ੋਰਾ ਡੇਰਾ ਬਾਬਾ ਨਾਨਕ ਅਤੇ ਮਿੰਟੂ ਜੋਰਬ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ।
Read More : ਇਟਲੀ ’ਚ ਸਕੂਲੀ ਵਿਦਿਆਰਥੀ ਨੇ ਅਧਿਆਪਕ ਦੇ ਗਲੇ ’ਤੇ ਮਾਰਿਆ ਚਾਕੂ
