Beadbi News

ਖੰਨਾ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ; ਸੰਗਤ ਵਿਚ ਭਾਰੀ ਰੋਸ

ਤਿੰਨ ਬੱਚੇ ਪੁਲਿਸ ਹਿਰਾਸਤ ‘ਚ; ਡੂੰਘੀ ਸਾਜ਼ਿਸ਼ ਦੀ ਜਾਂਚ ਲਈ SGPC ਅਤੇ ਸਿਆਸੀ ਆਗੂਆਂ ਨੇ ਚੁੱਕੀ ਆਵਾਜ਼

ਖੰਨਾ, 23 ਮਾਰਚ : ਜ਼ਿਲ੍ਹਾ ਲੁਧਿਆਣਾ ਦੇ ਖੰਨਾ ਇਲਾਕੇ ਦੇ ਆਨੰਦ ਨਗਰ ਅਤੇ ਸਿੰਘ ਐਵੇਨਿਊ ਦੀ ਲੇਨ ਨੰਬਰ 2 ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਅਤਿ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਵਿੱਚ ਤਿੰਨ ਬੱਚੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜਦੇ ਅਤੇ ਸੜਕ ‘ਤੇ ਖਿਲਾਰਦੇ ਦਿਖਾਈ ਦੇ ਰਹੇ ਹਨ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਸਥਿਤੀ ਨੂੰ ਦੇਖਦੇ ਹੋਏ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਅਤੇ ਡੀਐੱਸਪੀ ਖੰਨਾ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟੀਮ ਦੇ ਮੈਂਬਰ ਪਰਮਜੀਤ ਸਿੰਘ ਨੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਸਤਿਕਾਰ ਸਹਿਤ ਇਕੱਠਾ ਕਰਵਾਇਆ ਅਤੇ ਪੁਲਿਸ ਕੋਲ ਸਖ਼ਤ ਕਾਰਵਾਈ ਦੀ ਸ਼ਿਕਾਇਤ ਦਰਜ ਕਰਵਾਈ।

ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਨਵਤੇਜ਼ ਸਿੰਘ ਖੱਟੜਾ, ‘ਆਪ’ ਆਗੂ ਰਜਿੰਦਰ ਸਿੰਘ ਜੀਤ, ਕਰੁਣ ਅਰੋੜਾ (ਓਐੱਸਡੀ ਮੰਤਰੀ ਸੋਂਦ), ਹਰਜੀਤ ਸਿੰਘ ਵਿੱਕੀ ਭਾਟੀਆ ਅਤੇ ਕੌਂਸਲਰ ਹਰਦੀਪ ਨੀਨੂੰ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਮਾਹੌਲ ਖ਼ਰਾਬ ਕਰਨ ਦੀ ਡੂੰਘੀ ਸਾਜ਼ਿਸ਼ ਦੱਸਿਆ।

ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਵਿੱਚ ਬਿਨਾਂ ਪੁਲਿਸ ਤਸਦੀਕ ਤੋਂ ਰਹਿ ਰਹੇ ਲੋਕਾਂ ਅਤੇ ਉਨ੍ਹਾਂ ਨੂੰ ਕਿਰਾਏ ‘ਤੇ ਕਮਰੇ ਦੇਣ ਵਾਲੇ ਮਾਲਕਾਂ ਵਿਰੁੱਧ ਵੀ ਸਖ਼ਤ ਪੜਤਾਲ ਅਤੇ ਕਾਰਵਾਈ ਕੀਤੀ ਜਾਵੇਗੀ।

Read More : IPL 2026 : ਕੇਕੇਆਰ ਨੇ ਆਕਾਸ਼ ਦੀਪ ਦੀ ਜਗ੍ਹਾ ਸੌਰਭ ਦੂਬੇ ਨੂੰ ਟੀਮ ‘ਚ ਕੀਤਾ ਸ਼ਾਮਲ

Leave a Reply

Your email address will not be published. Required fields are marked *