ਨਾਭਾ, 24 ਸਤੰਬਰ : ਸ਼ਰਿਰ ਨਾਭਾ ਨੇੜਲੇ ਪਿੰਡ ਬੋੜਾ ਵਿਖੇ ਬੀਤੀ ਰਾਤ ਬੇਕਾਬੂ ਇਕ ਟਰਾਲੇ ਨੇ 3 ਦੁਕਾਨਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਚਪੇਟ ’ਚ ਲੈ ਲਿਆ। ਟਰਾਲਾ ਨੰਬਰ ਪੀ ਬੀ 12 ਵਾਈ 5013 ਹਰਿਆਣਾ ਦੇ ਰਤੀਆ ਜ਼ਿਲੇ ਨਾਲ ਸਬੰਧਤ ਹੈ, ਜੋ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ।
ਦੇਰ ਰਾਤ ਟਰਾਲੇ ਦੇ ਚਾਲਕ ਵੱਲੋਂ ਨੀਂਦ ਦੀ ਲਈ ਝਪਕੀ ਕਾਰਨ ਆਪਣਾ ਸੰਤੁਲਨ ਗਵਾਉਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਪਿੰਡ ਬੋੜਾ ਦੀਆਂ 3 ਦੁਕਾਨਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਬੇਕਾਬੂ ਟਰਾਲਾ ਬਿਜਲੀ ਦੇ ਖੰਭੇ ’ਚ ਵੱਜਣ ਕਾਰਨ ਰੁਕ ਗਿਆ। ਹਰਜੀਤ ਸਿੰਘ ਨਾਮੀ ਫੋਟੋ ਸਟੂਡੀਓ ਚਲਾਉਂਦੇ ਵਿਅਕਤੀ ਨੇ ਦੱਸਿਆ ਕਿ ਬਾਹਰੀ ਤੌਰ ’ਤੇ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ।
ਨੁਕਸਾਨੀਆਂ ਦੁਕਾਨਾਂ ’ਚ ਪੈਂਚਰਾਂ ਦੀ ਦੁਕਾਨ ਚਲਾਉਂਦੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਦੁਕਾਨ ਅਤੇ ਮਸ਼ੀਨਰੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉਸ ਦੇ ਘਰ ਦਾ ਗੁਜ਼ਾਰਾ ਇਸੇ ਦੁਕਾਨ ਤੋਂ ਚੱਲਦਾ ਸੀ, ਜਿਸ ਨੂੰ ਮੁੜ ਸ਼ੁਰੂ ਕਰਨਾ ਉਸ ਲਈ ਵੱਡੀ ਬਿਪਤਾ ਹੈ। ਪਿੰਡ ਸੁੱਖੇਵਾਲ ਦੇ ਬਲਵੰਤ ਸਿੰਘ ਨਾਮੀ ਵਿਅਕਤੀ ਨੇ ਦੱਸਿਆ ਕਿ ਇਹ ਦੁਕਾਨਾਂ ਉਸ ਦੀ ਭੈਣ ਦੀਆਂ ਹਨ. ਰਾਤ ਨੂੰ ਸਾਢੇ 4 ਵਜੇ ਫੋਨ ਆਉਣ ’ਤੇ ਉਹ ਇਥੇ ਪੁੱਜਿਆ। ਉਸ ਨੇ ਦੇਖਿਆ ਕਿ ਤਿੰਨੋਂ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਕਿਉਂਕਿ ਉਸ ਦੀ ਭੈਣ ਦੇ ਪਰਿਵਾਰ ਦਾ ਗੁਜ਼ਾਰਾ ਇਨ੍ਹਾਂ ਦੁਕਾਨਾਂ ਦੀ ਆਮਦਨ ਨਾਲ ਹੀ ਚੱਲਦਾ ਹੈ।
ਦਰਬਾਰ ਸਿੰਘ ਨਾਮੀ ਟਰਾਲਾ ਚਾਲਕ ਨੇ ਦੱਸਿਆ ਕਿ ਇਹ ਹਾਦਸਾ ਉਸ ਨੂੰ ਉਨੀਂਦੇ ਹੋਣ ਕਾਰਨ ਵਾਪਰ ਗਿਆ। ਉਸ ਨੇ ਦੱਸਿਆ ਕਿ ਉਹ ਇਕ ਹੋਟਲ ’ਤੇ ਚਾਹ ਵਗੈਰਾ ਲੈ ਕੇ ਬਿਨਾਂ ਆਰਾਮ ਕੀਤੇ ਚੱਲ ਪਿਆ ਸੀ। ਇੱਥੇ ਪੁੱਜਣ ’ਤੇ ਉਸ ਦੀ ਅੱਖ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਵੀ ਹਾਦਸਾ ਵਾਪਰਨ ਤੋਂ ਬਾਅਦ ਹੀ ਪਤਾ ਚੱਲਿਆ।
Read More : ਜ਼ਿਲਾ ਸੰਗਰੂਰ ’ਚ ਝੋਨੇ ਦੀ ਸਰਕਾਰੀ ਖਰੀਦ ਮੁਹਿੰਮ ਦਾ ਆਗਾਜ਼