ਚੰਡੀਗੜ੍ਹ, 23 ਜੁਲਾਈ : ਯੂਟੀ ਪ੍ਰਸ਼ਾਸਨ ਨੇ ਫਿਲਮ ਅਦਾਕਾਰਾ ਅਤੇ ਚੰਡੀਗੜ੍ਹ ਤੋਂ ਦੋ ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਨੂੰ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਇਹ ਨੋਟਿਸ ਕਿਰਨ ਖੇਰ ਵੱਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਨੂੰ ਅਲਾਟ ਕੀਤੀ ਗਈ ਸਰਕਾਰੀ ਰਿਹਾਇਸ਼, ਮਕਾਨ ਨੰਬਰ 23, ਸੈਕਟਰ 7 ਦੀ ਲਾਇਸੈਂਸ ਫੀਸ ਦਾ ਭੁਗਤਾਨ ਨਾ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਨੂੰ ਲਗਭਗ 12 ਲੱਖ 76 ਹਜ਼ਾਰ 418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਰਨ ਖੇਰ ਨੂੰ ਲਾਇਸੈਂਸ ਫੀਸ ਦੇ ਭੁਗਤਾਨ ਬਾਰੇ ਕਈ ਵਾਰ ਸੂਚਿਤ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਰਕਮ ਜਮ੍ਹਾਂ ਨਹੀਂ ਕਰਵਾਈ, ਜਿਸ ਕਾਰਨ ਹੁਣ ਉਨ੍ਹਾਂ ਤੋਂ ਬਕਾਇਆ ਰਕਮ ‘ਤੇ 12 ਪ੍ਰਤੀਸ਼ਤ ਵਿਆਜ ਵਸੂਲਿਆ ਜਾਵੇਗਾ।
ਜੁਲਾਈ 2023, ਅਗਸਤ 2024, ਸਤੰਬਰ 2024 ਅਤੇ 1 ਅਕਤੂਬਰ ਤੋਂ 5 ਅਕਤੂਬਰ, 2024 ਤੱਕ 5 ਹਜ਼ਾਰ 725 ਰੁਪਏ ਬਕਾਇਆ ਦਿਖਾਏ ਗਏ ਹਨ। ਸੰਸਦ ਮੈਂਬਰ 6 ਅਕਤੂਬਰ 2024 ਤੋਂ 5 ਜਨਵਰੀ 2025 ਤੱਕ ਇਸ ਬੰਗਲੇ ਵਿਚ ਅਣਅਧਿਕਾਰਤ ਤੌਰ ‘ਤੇ ਰਹੀ, ਇਸ ਲਈ ਆਮ ਕਿਰਾਏ ਦੀ ਬਜਾਏ, ਉਸ ‘ਤੇ 100 ਗੁਣਾ ਜੁਰਮਾਨਾ ਲਗਾਇਆ ਗਿਆ। 13 ਮਾਰਚ 2020 ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ 100 ਗੁਣਾ ਜੁਰਮਾਨਾ ਲਗਾਇਆ ਗਿਆ ਹੈ।
Read More : ਆਫਤ ਬਣਿਆ ਭਾਰੀ ਮੀਂਹ, 40 ਏਕੜ ਝੋਨਾ ਡੁੱਬਿਆ