ਐਂਟਰੀ ਟੈਕਸ

ਹਿਮਾਚਲ ਦੇ ਐਂਟਰੀ ਟੈਕਸ ਖ਼ਿਲਾਫ਼ ਟਰਾਂਸਪੋਰਟਰਾਂ ਵੱਲੋਂ ਚੱਕਾ ਜਾਮ, ਯਾਤਰੀ ਪ੍ਰੇਸ਼ਾਨ

ਹਿਮਾਚਲ ਪ੍ਰਸ਼ਾਸਨ ਵੱਲੋਂ 10 ਦਿਨਾਂ ਵਿੱਚ ਮਸਲਾ ਹੱਲ ਕਰਨ ਦੇ ਭਰੋਸੇ ਮਗਰੋਂ ਖੁੱਲ੍ਹਿਆ ਜਾਮ

ਸ੍ਰੀ ਕੀਰਤਪੁਰ ਸਾਹਿਬ, 1 ਅਪ੍ਰੈਲ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ’ਤੇ ਲਗਾਏ ਗਏ ‘ਐਂਟਰੀ ਟੈਕਸ’ ਦੇ ਵਿਰੋਧ ਵਿੱਚ ਅੱਜ ਟਰਾਂਸਪੋਰਟਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਰਾਸ਼ਟਰੀ ਮਾਰਗ ਸਮੇਤ ਭਰਤਗੜ੍ਹ, ਪੰਜੇਹਰਾ ਅਤੇ ਕਕਰਾਲਾ ਮੋੜ ਵਰਗੀਆਂ ਅਹਿਮ ਥਾਵਾਂ ’ਤੇ ਕਰੀਬ 5 ਘੰਟੇ ਤੱਕ ਚੱਕਾ ਜਾਮ ਰੱਖਿਆ ਗਿਆ। ਸਵੇਰੇ 8:30 ਵਜੇ ਸ਼ੁਰੂ ਹੋਏ ਇਸ ਜਾਮ ਕਾਰਨ ਹਾਈਵੇਅ ’ਤੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਗੜਾ ਮੋੜਾ ਵਿਖੇ ਲਗਾਏ ਗਏ ਧਰਨੇ ਦੀ ਅਗਵਾਈ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ, ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਹੋਰਨਾਂ ਆਗੂਆਂ ਨੇ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਸ਼ਿਰਕਤ ਕਰਦਿਆਂ ਹਿਮਾਚਲ ਸਰਕਾਰ ਦੀ ਟੈਕਸ ਨੀਤੀ ਦੀ ਸਖ਼ਤ ਨਿਖੇਧੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਾਹਨਾਂ ਲਈ ਇਹ ਐਂਟਰੀ ਟੈਕਸ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ।

ਸਥਿਤੀ ਨੂੰ ਦੇਖਦਿਆਂ ਹਿਮਾਚਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਸਵਾਰਘਾਟ ਦੇ ਐੱਸ.ਡੀ.ਐੱਮ. ਧਰਮਪਾਲ ਅਤੇ ਡੀ.ਐੱਸ.ਪੀ. ਵਿਕਰਾਂਤ ਗੌਸਰਾ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੰਘਰਸ਼ਕਾਰੀਆਂ ਨਾਲ ਗੱਲਬਾਤ ਕੀਤੀ।

ਪ੍ਰਸ਼ਾਸਨ ਨੇ ਕੈਬਨਿਟ ਮੰਤਰੀ ਨਾਲ ਮੀਟਿੰਗ ਕਰਵਾਉਣ ਅਤੇ ਮਸਲੇ ਦਾ ਹੱਲ ਕੱਢਣ ਲਈ 10 ਦਿਨਾਂ ਦਾ ਸਮਾਂ ਮੰਗਿਆ, ਜਿਸ ਮਗਰੋਂ ਜਾਮ ਅਸਥਾਈ ਤੌਰ ’ਤੇ ਖੋਲ੍ਹ ਦਿੱਤਾ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 10 ਦਿਨਾਂ ਵਿੱਚ ਟੈਕਸ ਵਾਪਸ ਨਾ ਲਿਆ ਗਿਆ ਤਾਂ 11 ਅਪ੍ਰੈਲ ਨੂੰ ਮੁੜ ਸਾਰੇ ਹਾਈਵੇਅ ਜਾਮ ਕੀਤੇ ਜਾਣਗੇ।

Read More : ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਗ੍ਰੇਨੇਡ ਧਮਾਕਾ, ਪੂਰੇ ਸ਼ਹਿਰ ਵਿਚ ਅਲਰਟ

Leave a Reply

Your email address will not be published. Required fields are marked *