Pargat Singh

ਦੇਸ਼ ਦਾ ਪੇਟ ਪਾਲਣ ਵਾਲੇ ਕਿਸਾਨ ਹੁਣ ਆਪਣਾ ਪੇਟ ਭਰਨ ਲਈ ਵੀ ਸਰਕਾਰ ‘ਤੇ ਨਿਰਭਰ : ਪਰਗਟ ਸਿੰਘ

ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਕੀਤੀ ਮੰਗ, ‘ਆਪ’ ਸਰਕਾਰ ‘ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ, 31 ਮਾਰਚ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿੱਚ ਹੋਈ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੋਂ ਠੀਕ ਪਹਿਲਾਂ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਪੰਜਾਬ ਦੇ ਕਿਸਾਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਤੋਂ ਨਹੀਂ ਉੱਭਰ ਸਕੇ ਸਨ ਅਤੇ ਹੁਣ ਇਸ ਤਾਜ਼ਾ ਆਫ਼ਤ ਨੇ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ ਹਨ।

ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਮੰਡੀਆਂ ਵਿਚ ਕਣਕ ਦੀ ਖ਼ਰੀਦ ਅਤੇ ਸਾਂਭ-ਸੰਭਾਲ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਇਹ ਪਾਰਟੀ ਹੁਣ ਕਿਸਾਨਾਂ ਦੀ ਦੁਸ਼ਮਣ ਬਣ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭਾਜਪਾ ਦੇ ਰਾਹ ‘ਤੇ ਚੱਲ ਰਹੀ ਹੈ ਅਤੇ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ।

ਵਿਧਾਇਕ ਅਨੁਸਾਰ ਹੜ੍ਹਾਂ ਦੌਰਾਨ ਵੀ ਸਰਕਾਰ ਨੇ ਕਿਸਾਨਾਂ ਨੂੰ ਕੋਈ ਠੋਸ ਰਾਹਤ ਜਾਂ ਮੁਆਵਜ਼ਾ ਨਹੀਂ ਦਿੱਤਾ ਅਤੇ ਹੁਣ ਵੀ ਮੀਂਹ ਨਾਲ ਪੀੜਤ ਕਿਸਾਨਾਂ ਦੀ ਮਦਦ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ।

ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਸਿਆਸਤ ਅਤੇ ਅਰਵਿੰਦ ਕੇਜਰੀਵਾਲ ਦੀ ਸੇਵਾ ਛੱਡ ਕੇ ਪੰਜਾਬ ਦੇ ਅੰਨਦਾਤਾ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ, ਅੱਜ ਉਹ ਆਪਣਾ ਗੁਜ਼ਾਰਾ ਕਰਨ ਲਈ ਵੀ ਸਰਕਾਰ ਦੇ ਰਹਿਮੋ-ਕਰਮ ‘ਤੇ ਹੈ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਢੁਕਵੇਂ ਮੁਆਵਜ਼ੇ ਦਾ ਐਲਾਨ ਕਰੇ ਅਤੇ ਕਿਸਾਨਾਂ ‘ਤੇ ਲਾਠੀਚਾਰਜ ਵਰਗੇ ਜ਼ੁਲਮ ਬੰਦ ਕਰਕੇ ਉਨ੍ਹਾਂ ਦੀ ਬਾਂਹ ਫੜੇ।

Read More : ਹਿਮਾਚਲ ਦੇ ਐਂਟਰੀ ਟੈਕਸ ਖ਼ਿਲਾਫ਼ ਟਰਾਂਸਪੋਰਟਰਾਂ ਵੱਲੋਂ ਚੱਕਾ ਜਾਮ, ਯਾਤਰੀ ਪ੍ਰੇਸ਼ਾਨ

Leave a Reply

Your email address will not be published. Required fields are marked *