ਦੀਪਕ ਬਾਲੀ

ਜੰਗ ਵਿਚ ਭੱਜਣ ਵਾਲੇ ਗੱਦਾਰ, ਨੈਤਿਕਤਾ ਦੇ ਆਧਾਰ ‘ਤੇ ਰਾਜ ਸਭਾ ਮੈਂਬਰ ਆਪਣੇ ਅਹੁਦੇ ਤੋਂ ਦੇਣ ਅਸਤੀਫਾ : ਦੀਪਕ ਬਾਲੀ

ਭਾਜਪਾ ਦੇ ਦਬਾਅ ਹੇਠ ਪਾਰਟੀ ਛੱਡਣ ਵਾਲਿਆਂ ਨੂੰ ਪੰਜਾਬ ਦੇ ਲੋਕ ਕਦੇ ਨਹੀਂ ਲਾਉਣਗੇ ਮੂੰਹ : ਆਪ ਜਨਰਲ ਸਕੱਤਰ

ਚੰਡੀਗੜ੍ਹ, 26 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਪਾਰਟੀ ਵੱਲੋਂ ਨਿਯੁਕਤ ਕੀਤੇ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਫੈਸਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਸ ਕਦਮ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦੇ ਵਿਰੁੱਧ ਦੱਸਿਆ ਹੈ।

ਦੀਪਕ ਬਾਲੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਜੰਗ ਵਿੱਚ ਮਰਨ ਵਾਲਾ ਸ਼ਹੀਦ, ਜਿੱਤਣ ਵਾਲਾ ਯੋਧਾ ਤੇ ਭੱਜਣ ਵਾਲਾ ਗੱਦਾਰ ਆਖਵਾਉਂਦਾ ਹੈ।” ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਪਾਰਟੀ ਛੱਡਣ ਵਾਲੇ ਆਗੂ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰ ਰਹੇ ਹਨ।

ਬਾਲੀ ਨੇ ਸਪੱਸ਼ਟ ਕੀਤਾ ਕਿ ਰਾਜ ਸਭਾ ਲਈ ਨਿਯੁਕਤ ਕੀਤੇ ਗਏ ਇਹ ਮੈਂਬਰ ਚੋਣਾਂ ਰਾਹੀਂ ਨਹੀਂ, ਸਗੋਂ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਲੋਕਾਂ ਦੀ ਆਵਾਜ਼ ਉਠਾਉਣ ਲਈ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਂਬਰਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ ਬਜਾਏ, ਉਸੇ ਪਾਰਟੀ ਦੇ ਖ਼ਿਲਾਫ਼ ਰਾਜਨੀਤੀ ਸ਼ੁਰੂ ਕਰ ਦਿੱਤੀ ਜਿਸ ਨੇ ਉਨ੍ਹਾਂ ਨੂੰ ਇਹ ਵੱਡਾ ਮੌਕਾ ਦਿੱਤਾ ਸੀ।

ਦੀਪਕ ਬਾਲੀ ਨੇ ਇਨ੍ਹਾਂ ਮੈਂਬਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਹਿੰਮਤ ਅਤੇ ਨੈਤਿਕਤਾ ਹੈ, ਤਾਂ ਉਹ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਤੁਰੰਤ ਅਸਤੀਫਾ ਦੇਣ ਅਤੇ ਪੰਜਾਬ ਵਿੱਚ ਕਿਸੇ ਵੀ ਥਾਂ ਤੋਂ ਆਪਣਾ ਵਕਾਰ ਸਿੱਧ ਕਰਨ।

ਆਪਣੇ ਬਿਆਨ ਦੇ ਅੰਤ ਵਿੱਚ ਬਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਲੋਕ ਸੇਵਾ ਲਈ ਵਚਨਬੱਧ ਹੈ ਅਤੇ ਪਾਰਟੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇੱਕਜੁੱਟ ਹੈ। ਉਨ੍ਹਾਂ ਭਾਜਪਾ ਨੂੰ ਲੋਕਤੰਤਰ ਵਿਰੋਧੀ ਕੋਝੀਆਂ ਚਾਲਾਂ ਬੰਦ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਹੈ।

Read More : ਹੜ੍ਹ ਰੋਕਥਾਮ ਲਈ ਮੁੱਖ ਮੰਤਰੀ ਮਾਨ ਦੇ ਸਖ਼ਤ ਹੁਕਮ; ਅਧਿਕਾਰੀਆਂ ਨੂੰ ਸਮੇਂ ਸਿਰ ਕੰਮ ਪੂਰਾ ਕਰਨ ਦੀ ਚਿਤਾਵਨੀ

Leave a Reply

Your email address will not be published. Required fields are marked *