ਧੀ ਦੀ ਵਿਦਾਈ ਕਰ ਕੇ ਪਰਤ ਰਹੇ ਪਰਿਵਾਰ ਦੀ ਕਾਰ-ਟਰੱਕ ਨਾਲ ਟਕਰਾਈ
ਸਰਹਿੰਦ, 2 ਦਸੰਬਰ : –ਆਪਣੀ ਬੇਟੀ ਦਾ ਵਿਆਹ ਕਰ ਕੇ ਵਾਪਸ ਜਾਂਦੇ ਸਮੇਂ ਰਸਤੇ ’ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਵਿਆਹੁਤਾ ਲੜਕੀ ਦੇ ਮਾਤਾ-ਪਿਤਾ ਸਮੇਤ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਰਾਜਸਥਾਨ ਨੰਬਰ ਦੇ ਇਕ ਟਰੱਕ ਦੇ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਦੱਸਣਯੋਗ ਹੈ ਕਿ ਬੀਤੀ 1 ਦਸੰਬਰ ਦੀ ਸਵੇਰ ਕਰੀਬ ਸਵਾ 7 ਵਜੇ ਦਿੱਲੀ ਹਾਈਵੇ ਉੱਪਰ ਪਿੰਡ ਪਵਾ ਖਾਕਟ ਨੇੜੇ ਉਕਤ ਟਰੱਕ ਚਾਲਕ ਵਲੋਂ ਅਚਾਨਕ ਲਗਾਈ ਗਈ ਬ੍ਰੇਕ ਕਾਰਨ ਪਿੱਛੇ ਆ ਰਹੀ ਇਨੋਵਾ ਕ੍ਰਿਸਟਾ ਗੱਡੀ ਦੀ ਟੱਕਰ ਹੋ ਗਈ, ਜਿਸ ਵਿਚ ਸਵਾਰ ਅਸ਼ੋਕ ਨੰਦਾ ਪੁੱਤਰ ਰਮੇਸ਼ਵਰ ਨੰਦਾ (53), ਉਸ ਦੀ ਪਤਨੀ ਕਿਰਨ ਨੰਦਾ (50) ਅਤੇ ਇਕ ਰਿਸ਼ਤੇਦਾਰ ਮਹਿਲਾ ਰੇਨੂ ਬਾਲਾ (62) ਪਤਨੀ ਵਿੱਦਿਆ ਸਾਗਰ ਸਾਰੇ ਵਾਸੀ ਰੇਲਵੇ ਰੋਡ, ਸਰਹਿੰਦ, ਫਤਹਿਗੜ੍ਹ ਸਾਹਿਬ ਦੀ ਮੌਤ ਹੋ ਗਈ, ਜਦਕਿ ਗੱਡੀ ਚਲਾ ਰਹੇ ਮੋਹਨ ਕੁਮਾਰ ਨੰਦਾ (50) ਪੁੱਤਰ ਰਮੇਸ਼ਵਰ ਨੰਦਾ ਅਤੇ ਉਸ ਦੀ ਪਤਨੀ ਸ਼ਰਮੀਲੀ ਨੰਦਾ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਦਾ ਸ਼ੇਰਪੁਰ ਚੌਕ ਨੇੜੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਸੜਕ ਹਾਦਸੇ ਦੌਰਾਨ ਇਨੋਵਾ ਕ੍ਰਿਸਟਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕ ਅਸ਼ੋਕ ਨੰਦਾ ਦੀ ਬੇਟੀ ਡਾਕਟਰ ਗਜ਼ਲ ਨੰਦਾ ਦਾ ਪੱਖੋਵਾਲ ਰੋਡ ਸਥਿਤ ਸਟੈਲਨ ਮੈਨੇਰ ਪੇਲੈਸ ’ਚ ਵਿਆਹ ਹੋਇਆ ਸੀ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਆਪੋ-ਆਪਣੀਆਂ ਗੱਡੀਆਂ ਰਾਹੀਂ ਵਾਪਸ ਸਰਹਿੰਦ ਜਾ ਰਹੇ ਸਨ।
ਪੁਲਸ ਨੇ ਮ੍ਰਿਤਕ ਅਸ਼ੋਕ ਨੰਦਾ ਦੇ ਸਾਲੇ ਨਰੇਸ਼ ਕੁਮਾਰ ਅਰੋੜਾ ਪੁੱਤਰ ਸ਼ਿਵ ਕੁਮਾਰ ਅਰੋੜਾ ਦੇ ਬਿਆਨਾਂ ’ਤੇ ਟਰੱਕ ਨੰਬਰ ਆਰ. ਜੇ.-20-ਜੀ. ਬੀ.-3704 ਦੇ ਅਣਪਛਾਤੇ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।
Read More : 2 ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ
