ਸਾਈਕਲ ਦਾ ਟਾਇਰ ਟੋਏ ਵਿਚ ਫਸਣ ਕਾਰਨ ਵੇਈਂ ’ਚ ਡਿੱਗੇ ਦੋਵੇਂ
ਫਗਵਾੜਾ, 7 ਸਤੰਬਰ : ਸ਼ਹਿਰ ਫਗਵਾੜਾ ਨੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਥੇ ਵੇਈਂ ’ਚ ਡਿੱਗਣ ਕਾਰਨ ਭੈਣ-ਭਰਾ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਉਰਫ਼ ਦੀਪਾ (37) ਵਾਸੀ ਉੱਚਾ ਪਿੰਡ, ਜ਼ਿਲ੍ਹਾ ਜਲੰਧਰ ਆਪਣੀ ਭੈਣ ਪ੍ਰੀਤੀ (27) ਨੂੰ ਦਵਾਈ ਲੈਣ ਲਈ ਸਾਈਕਲ ’ਤੇ ਪਿੰਡ ਰਾਣੀਪੁਰ ਲੈ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਦੁੱਗਾਂ ਤੇ ਜਗਪਾਲਪੁਰ ਵਿਚਕਾਰ ਵੇਈ ’ਤੇ ਪਹੁੰਚੇ ਤਾਂ ਸਾਈਕਲ ਦਾ ਟਾਇਰ ਟੋਏ ਵਿਚ ਫਸ ਗਿਆ ਅਤੇ ਭੈਣ-ਭਰਾ ਵੇਈਂ ਵਿੱਚ ਡਿੱਗ ਗਏ। ਲੋਕਾਂ ਨੇ ਦੋਵੇਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕਾਂ ਦੇ ਪਿਤਾ ਬਲਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਸੰਦੀਪ ਆਪਣੀ ਬਿਮਾਰ ਭੈਣ ਪ੍ਰੀਤੀ ਨੂੰ ਦਵਾਈ ਲੈਣ ਲਈ ਰਾਣੀਪੁਰ ਲੈ ਕੇ ਜਾ ਰਿਹਾ ਸੀ ਪਰ ਵੇਈਂ ’ਤੇ ਪਹੁੰਚਣ ’ਤੇ ਸਾਈਕਲ ਫਸਣ ਕਾਰਨ ਦੋਵੇਂ ਪਾਣੀ ਵਿਚ ਡਿੱਗ ਗਏ ਤੇ ਇਹ ਦਰਦਨਾਕ ਹਾਦਸਾ ਵਾਪਰਿਆ।
ਥਾਣਾ ਰਾਵਲਪਿੰਡੀ ਵਿੱਚ ਤਾਇਨਾਤ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਿਵਲ ਹਸਪਤਾਲ ਫਗਵਾੜਾ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Read More : ਪਤੀ ਤੋਂ ਤੰਗ ਆ ਕੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ