35 ਯਾਤਰੀ ਵਾਲ-ਵਾਲ ਬਚੇ
ਟਾਂਡਾ ਉੜਮੁੜ, 6 ਸਤੰਬਰ : ਜ਼ਿਲਾ ਹੁਸ਼ਿਆਰਪੁਰ ਵਿਚ ਜਲੰਧਰ-ਪਠਾਨਕੋਟ ਹਾਈਵੇਅ ’ਤੇ ਪਿੰਡ ਕੁਰਾਲਾ ਦੇ ਪੈਟਰੋਲ ਪੰਪ ਨੇੜੇ ਅੱਜ ਸਵੇਰੇ ਤੜਕੇ ਇਕ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਹਾਦਸੇ ਵਿਚ ਚਾਲਕ, ਕੰਡਕਟਰ ਅਤੇ ਬੱਸ ਵਿਚ ਸਵਾਰ 35 ਦੇ ਕਰੀਬ ਸਵਾਰੀਆਂ ਵਾਲ-ਵਾਲ ਬੱਚ ਗਈਆਂ | ਜਿਨ੍ਹਾਂ ਵਿਚੋ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ |
ਇਹ ਹਾਦਸਾ ਸਵੇਰੇ 5.15 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ, ਜਦੋਂ ਦਿੱਲੀ ਤੋਂ ਜੰਮੂ ਵੱਲ ਜਾ ਰਹੀ ਨਿੱਜੀ ਕੰਪਨੀ ਦੀ ਟੂਰਿਸਟ ਬੱਸ ਬੇਕਾਬੂ ਹੋ ਕੇ ਡਿਵਾਈਡਰ ’ਤੇ ਪਲਟ ਗਈ | ਜਿਸ ਬਾਅਦ ਚੀਕ-ਚਿਹਾੜਾ ਮੱਚ ਗਿਆ |
ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਤਿਲਕ ਰਾਜ, ਅਵਨੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਅਾਰੰਭੇ ਅਤੇ ਹਾਦਸੇ ਵਿਚ ਜ਼ਖਮੀ ਹੋਏ ਰਾਮ ਕੁਮਾਰ ਸ਼ਰਮਾ ਪੁੱਤਰ ਅਜਬ ਕੁਮਾਰ ਵਾਸੀ ਗਲੀ ਨੰਬਰ 5 ਸੰਜੇ ਨਗਰ ਦਿੱਲੀ ਅਤੇ ਗੁਲਾਮ ਮੁਸਤਫਾ ਪੁੱਤਰ ਮੁਹੰਮਦ ਬਸ਼ਰ ਵਾਸੀ ਰਾਜੌਰੀ ਜੰਮੂ ਨੂੰ ਮੁੱਢਲੀ ਮੈਡੀਕਲ ਮਦਦ ਦਿੱਤੀ।
ਬਾਕੀ ਸਵਾਰੀਆਂ ਨੂੰ ਹੋਰਨਾਂ ਬੱਸਾਂ ਰਾਹੀਂ ਉਨ੍ਹਾਂ ਦੀ ਮੰਜ਼ਿਲ ਵੱਲ ਭੇਜਿਆ, ਜਿਸ ਤੋਂ ਬਾਅਦ ਚੌਲਾਂਗ ਟੋਲ ਪਲਾਜ਼ਾ ਟੀਮ ਦੀ ਮਦਦ ਨਾਲ ਹਾਈਡਰਾ ਮਸ਼ੀਨ ਰਾਹੀਂ ਹਾਦਸਾਗ੍ਰਸਤ ਬੱਸ ਨੂੰ ਸੜਕ ਤੋਂ ਹਟਾਇਆ |
ਜਾਣਕਾਰੀ ਮੁਤਾਬਿਕ ਗਲਤ ਦਿਸ਼ਾ ਵੱਲੋਂ ਆਉਂਦੇ ਕਿਸੇ ਵਾਹਨ ਨੂੰ ਬਚਾਉਂਦੇ ਹੋਏ ਬੱਸ ਦਾ ਚਾਲਕ ਬੱਸ ਦਾ ਸੰਤੁਲਨ ਗੁਆ ਬੈਠਾ ,ਜਿਸ ਕਾਰਨ ਹਾਦਸਾ ਵਾਪਰ ਗਿਆ। ਹਾਲਾਂਕਿ ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
Read More : ਨੌਜਵਾਨ ਦਾ ਗੋਲੀ ਮਾਰ ਕੇ ਕਤਲ