ਜੰਮੂ ਤੋਂ ਜਾ ਰਹੀ ਸੀ ਦਿੱਲੀ, ਦੋਵੇਂ ਵਾਹਨਾਂ ਦੇ ਡਰਾਈਵਰ ਮੌਕੇ ਤੋਂ ਫਰਾਰ
ਮਾਹਿਲਪੁਰ, 6 ਜੁਲਾਈ – ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ ਪੈਂਦੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਟਰੱਕ ਯੂਨੀਅਨ ਦੇ ਲਾਗੇ ਇਕ ਪ੍ਰਾਈਵੇਟ ਟੂਰਿਸਟ ਬੱਸ ਦੇ ਟਿੱਪਰ ਦੇ ਪਿੱਛੇ ਟਕਰਾਉਣ ਨਾਲ ਇਕ 32 ਸਾਲਾ ਵਿਅਕਤੀ ਦੀ ਮੌਤ ਹੋ ਗਈ। ਟਿੱਪਰ ਅਤੇ ਬੱਸ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਬੱਸ ਵਿਚ ਬੈਠੀਆਂ ਸਵਾਰੀਆਂ ਦੇ ਦੱਸਣ ਅਨੁਸਾਰ ਇਹ ਪ੍ਰਾਈਵੇਟ ਕੰਪਨੀ ਦੀ ਬੱਸ ਨੰਬਰ ਬੀ. ਆਰ. 28 ਪੀ. 3502 ਜੰਮੂ ਤੋਂ ਦਿੱਲੀ ਜਾ ਰਹੀ ਸੀ। ਸਵੇਰੇ 5 ਕੁ ਵਜੇ ਦੇ ਕਰੀਬ ਜਦੋਂ ਬੱਸ ਮਾਹਿਲਪੁਰ ਨਜ਼ਦੀਕ ਪਹੁੰਚੀ ਤਾਂ ਬੱਸ ਦੇ ਅੱਗੇ ਰਹੇ ਟਿੱਪਰ ਨਾਲ ਜਾ ਟਕਰਾਈ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਵਾਰਿਸਾਂ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਭੰਗਾਲਾ ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਦਾ ਵਾਸੀ ਹੈ। ਜੋ ਅੱਜ ਮੁਕੇਰੀਆਂ ਤੋਂ ਪਿੰਡ ਗੋਲੀਆਂ (ਗੜ੍ਹਸ਼ੰਕਰ) ਆ ਰਿਹਾ ਸੀ। ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਨੂੰ ਗਗਨਦੀਪ ਦਾ ਫੋਨ ਆਇਆ ਕਿ ਮੈਂ ਚੱਬੇਵਾਲ ਕੋਲ ਆ ਗਿਆ ਹਾਂ ਤੇ ਜਲਦੀ ਹੀ ਪਿੰਡ ਗੋਲੀਆਂ ਪਹੁੰਚ ਜਾਵਾਂਗਾ।
ਪਿੰਡ ਨਜ਼ਦੀਕ ਆਉਣ ਕਰ ਕੇ ਗਗਨਦੀਪ ਡਰਾਈਵਰ ਦੇ ਨਜ਼ਦੀਕ ਆ ਬੈਠਾ। ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗਗਨਦੀਪ (32) ਨਵਾਂਗਰਾਂ (ਪੋਜੇਵਾਲ) ਦੇ ਆਦਰਸ਼ ਸਕੂਲ ਵਿਚ ਅਧਿਆਪਕ ਸੀ ਅਤੇ ਪਿੰਡ ਗੋਲੀਆਂ ਵਿਚ ਆਪਣਾ ਘਰ ਬਣਾ ਰਿਹਾ ਸੀ।
ਏ. ਐੱਸ. ਆਈ. ਸਤਨਾਮ ਸਿੰਘ ਥਾਣਾ ਮਾਹਿਲਪੁਰ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁੱਟੇਜ਼ ਜ਼ਰੀਏ ਟਿੱਪਰ ਵਾਲੇ ਦੀ ਭਾਲ ਕਰ ਰਹੇ ਹਾਂ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਪਾਕਿ ਤੋਂ ਡਰੋਨ ਰਾਹੀਂ ਭੇਜੀ 1.2 ਕਿਲੋ ਆਈਸ ਅਤੇ ਪਿਸਤੌਲ ਬਰਾਮਦ