ਹਾਦਸੇ ਤੋਂ 2 ਘੰਟੇ ਬਾਅਦ ਵੀ ਨਹੀਂ ਪੁਲਸ, ਪਿੰਡ ਵਾਸੀਆਂ ਨੇ ਸੜਕ ਕੀਤੀ ਜਾਮ
ਬਟਾਲਾ, 6 ਦਸੰਬਰ : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਪਿੰਡ ਅੱਡਾ ਅੰਮੋਨੰਗਲ ਦੇ ਨਹਿਰ ਪੁਲ ਦੇ ਨਜ਼ਦੀਕ ਇਕ ਟਿੱਪਰ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਆਪਣੀ ਲਪੇਟ ’ਚ ਲੈਂਦਿਆਂ 2 ਔਰਤਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਉਧਰ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਕੋਟਲਾ ਬੱਜਾ ਸਿੰਘ ਆਪਣੇ ਪਿੰਡ ਦੀ ਹੀ ਇਕ ਹੋਰ ਔਰਤ ਕਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਨਾਲ ਆਪਣੇ ਪਤੀ ਮਨਜੀਤ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਮਿਹਨਤ ਮਜ਼ਦੂਰੀ ਲਈ ਮਹਿਤਾ ਚੌਕ ਵੱਲ ਜਾ ਰਹੀਆਂ ਸਨ। ਜਦ ਉਹ ਅੰਮੋਨੰਗਲ ਦੇ ਨਹਿਰ ਪੁਲ ਦੇ ਨਜ਼ਦੀਕ ਪੁਜੀਆਂ ਤਾਂ ਪਿੱਛੋਂ ਬਟਾਲੇ ਵਾਲੇ ਪਾਸਿਓਂ ਆਏ ਇਕ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਲਖਵਿੰਦਰ ਕੌਰ ਅਤੇ ਕਰਮਜੀਤ ਕੌਰ ਟਿੱਪਰ ਦੇ ਟਾਇਰਾਂ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲੀਆਂ ਗਈਆਂ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਨਜੀਤ ਸਿੰਘ ਇਕ ਪਾਸੇ ਡਿੱਗ ਪਿਆ ਅਤੇ ਉਸ ਨੂੰ ਮਮੂਲੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਦੀ ਸੂਚਨਾ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦੇ ਦਿੱਤੀ ਗਈ। ਹਾਦਸੇ ਤੋਂ 2 ਘੰਟੇ ਬਾਅਦ ਵੀ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਦੇ ਮੌਕੇ ’ਤੇ ਨਾ ਪਹੁੰਚਣ ਕਾਰਨ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਬਟਾਲਾ-ਜਲੰਧਰ ਰੋਡ ਨੂੰ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਪਿੰਡ ਦੇ ਸਰਪੰਚ ਨੇ ਕਿਹਾ ਕਿ ਜਿੰਨੀ ਤੱਕ ਪੁਲਸ ਵਲੋਂ ਟਿੱਪਰ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਵੱਲੋਂ ਲਾਸ਼ਾਂ ਨੂੰ ਸੜਕ ਤੋਂ ਨਹੀਂ ਚੁੱਕਿਆ ਜਾਵੇਗਾ।
ਇਸ ਮਾਮਲੇ ਸਬੰਧੀ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਹਰਮੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਡਿਊਟੀ ਕਿਸਾਨੀ ਧਰਨੇ ’ਤੇ ਲੱਗੀ ਹੋਈ ਸੀ ਅਤੇ ਮੈਂ ਹਾਦਸੇ ਤੋਂ ਤੁਰੰਤ ਬਾਅਦ ਮੁਲਾਜ਼ਮਾਂ ਨੂੰ ਭੇਜ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਆਉਣਗੇ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗਾ।
Read More : ਡੀ.ਜੀ.ਪੀ. ਪੰਜਾਬ ਦੇ ਸਖ਼ਤ ਨਿਰਦੇਸ਼
