elderly couple

ਨੌਸਰਬਾਜ਼ਾਂ ਨੇ ਬਜ਼ੁਰਗ ਜੋੜੇ ਤੋਂ ਲੁੱਟੇ ਗਹਿਣੇ ਅਤੇ ਨਕਦੀ

ਦਵਾਈ ਲੈ ਕੇ ਵਾਪਸ ਆ ਰਹੇ ਸੀ ਪਤੀ-ਪਤਨੀ

ਗੁਰਦਾਸਪੁਰ, 28 ਜੁਲਾਈ :-ਜ਼ਿਲਾ ਗੁਰਦਾਸਪੁਰ ਦੇ ਕਸਬਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਸੈਦੋਵਾਲ ਗੁਨੋਪੁਰ ’ਚ ਇਕ ਬਜ਼ੁਰਗ ਪਤੀ-ਪਤਨੀ ਨੂੰ ਨੌਸਰਬਾਜ਼ਾਂ ਨੇ ਝਾਂਸੇ ਵਿਚ ਲੈ ਕੇ 3 ਲੱਖ ਰੁਪਏ ਤੋਂ ਵੱਧ ਦਾ ਸੋਨਾ ਅਤੇ ਲਗਭਗ 25 ਹਜ਼ਾਰ ਰੁਪਏ ਦੀ ਨਕਦੀ ਠੱਗ ਲਈ ਹੈ।

ਇਸ ਠੱਗੀ ਦਾ ਸ਼ਿਕਾਰ ਹੋਏ ਇਕਬਾਲ ਸਿੰਘ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਬੀਤੇ ਦਿਨ ਬਟਾਲੇ ਨੇੜੇ ਇਕ ਪਿੰਡ ’ਚ ਦਵਾਈ ਲੈਣ ਗਏ ਸਨ। ਜਦੋਂ ਘਰ ਮੁੜਦੇ ਸਮੇਂ ਉਹ ਘੱਲੂਘਾਰਾ ਸਾਹਿਬ ਕੋਲ ਆਪਣੇ ਖੇਤਾਂ ’ਚ ਲੱਗੇ ਟਿਊਬਵੈੱਲ ਵਾਲੇ ਰਸਤੇ ਨੇੜੇ ਪਹੁੰਚੇ ਤਾਂ ਇਸ ਮੌਕੇ ਇਕ ਅੱਧਖੜ ਉਮਰ ਦਾ ਵਿਅਕਤੀ ਅਤੇ ਇਕ ਨੌਜਵਾਨ ਉਨ੍ਹਾਂ ਦੇ ਨੇੜੇ ਆ ਕੇ ਰੁਕੇ ਅਤੇ ਆਪਸ ’ਚ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ।

ਉਪਰੰਤ ਨੌਜਵਾਨ ਨੇ ਆਪਣੇ ਸਾਥੀ ਨੂੰ ਕਿਹਾ ਕਿ ਇਹ ਬਹੁਤ ਪਹੁੰਚੇ ਹੋਏ ਸੰਤ ਹਨ ਅਤੇ ਅੱਧਖੜ ਉਮਰ ਦਾ ਵਿਅਕਤੀ ਗੁਰਦੁਆਰਾ ਘੱਲੂਘਾਰਾ ਸਾਹਿਬ ਵੱਲ ਨੂੰ ਤੁਰ ਪਿਆ ਪਰ ਨੌਜਵਾਨ ਉਸ ਨੂੰ ਮੋੜ ਕੇ ਉਨ੍ਹਾਂ ਦੇ ਕੋਲ ਲੈ ਆਇਆ। ਇਸ ਦੇ ਬਾਅਦ ਨੌਜਵਾਨ ਨੇ ਕਿਹਾ ਕਿ ਇਹ ਸੰਤ ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਹਨ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਗੱਲਾਂ-ਗੱਲਾਂ ’ਚ ਕਿਹਾ ਕਿ ਜੇਕਰ ਤੁਹਾਡੇ ਕੋਲ ਸੋਨਾ ਜਾਂ ਪੈਸੇ ਹਨ, ਤਾਂ ਉਹ ਦੁੱਗਣਾ ਕਰ ਸਕਦੇ ਹਨ।

ਇਸ ਮੌਕੇ ਉਨ੍ਹਾਂ ਨੇ ਕੁਲਵਿੰਦਰ ਕੌਰ ਦੇ ਕੰਨਾਂ ’ਚ ਪਾਈਆਂ ਵਾਲੀਆਂ ਲਾਹੁਣ ਨੂੰ ਕਿਹਾ ਤਾਂ ਕੁਲਵਿੰਦਰ ਕੌਰ ਨੇ ਮਨਾ ਕਰ ਦਿੱਤਾ ਪਰ ਕੁਲਵਿੰਦਰ ਕੌਰ ਦੇ ਪਤੀ ਇਕਬਾਲ ਸਿੰਘ ਦੀ ਜੇਬ ’ਚ ਪਈ 1500 ਰੁਪਏ ਦੀ ਨਕਦੀ ਇਕਬਾਲ ਸਿੰਘ ਨੇ ਖੁਦ ਹੀ ਠੱਗਾਂ ਦੇ ਹਵਾਲੇ ਕਰ ਦਿੱਤੀ। ਇਸ ਤੋਂ ਬਾਅਦ ਇਸ ਨੌਜਵਾਨ ਨੇ ਕੁਲਵਿੰਦਰ ਕੌਰ ਦੇ ਕੰਨਾਂ ’ਚੋਂ ਵਾਲੀਆਂ ਵੀ ਉਤਾਰ ਲਈਆਂ।

ਉਪਰੰਤ ਇਹ ਦੋਵੇਂ ਠੱਗ ਪਤੀ-ਪਤਨੀ ਨਾਲ ਉਨ੍ਹਾਂ ਦੇ ਘਰ ਪਿੰਡ ਸੈਦੋਵਾਲ ’ਚ ਆ ਗਏ, ਜਿੱਥੋਂ ਆ ਕੇ ਉਨ੍ਹਾਂ ਨੇ ਇਕ ਜੋੜਾ ਸੋਨੇ ਦੀਆਂ ਵਾਲੀਆਂ, 3 ਸੋਨੇ ਦੀਆਂ ਮੁੰਦਰੀਆਂ, ਇਕ ਚੇਨੀ, ਹੋਰ ਸੋਨੇ ਦੇ ਗਹਿਣੇ ਅਤੇ ਲਗਭਗ 25 ਹਜ਼ਾਰ ਰੁਪਏ ਦੀ ਨਕਦੀ ਸੋਨਾ ਦੁੱਗਣਾ ਕਰਨ ਦੇ ਝਾਂਸੇ ਵਿੱਚ ਉਨ੍ਹਾਂ ਕੋਲੋਂ ਆਪਣੇ ਕਬਜ਼ੇ ’ਚ ਲੈ ਲਏ। ਉਨ੍ਹਾਂ ਨੇ ਪਤੀ-ਪਤਨੀ ਨੂੰ ਵੱਖ-ਵੱਖ ਕੱਪੜਿਆਂ ਦੀਆਂ ਬਣਾਈਆਂ ਹੋਈਆਂ ਗੁਥਲੀਆਂ ਫੜਾ ਦਿੱਤੀਆਂ ਅਤੇ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਕੱਲ੍ਹ ਨੂੰ ਦੇਖ ਲਿਓ, ਇਨ੍ਹਾਂ ’ਚ ਤੁਹਾਨੂੰ ਦੁੱਗਣਾ ਸੋਨਾ ਮਿਲੇਗਾ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੁਝ ਸਮਾਂ ਬਾਅਦ ਉਨ੍ਹਾਂ ਕੱਪੜੇ ਦੀਆਂ ਗੁਥਲੀਆਂ ਨੂੰ ਖੋਲ੍ਹ ਕੇ ਦੇਖਿਆ, ਤਾਂ ਉਨ੍ਹਾਂ ਵਿੱਚ ਭੰਗ ਦੇ ਪੱਤੇ ਅਤੇ ਕੂੜਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਦਿਨ-ਦਿਹਾੜੇ ਵੱਡੀ ਠੱਗੀ ਹੋਈ ਹੈ, ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਇਸ ਮੌਕੇ ਸਟੇਟ ਅਵਾਰਡੀ ਮਾਸਟਰ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਪਿੰਡ ਵਿਚ ਇਕ ਅਜਿਹੀ ਘਟਨਾ ਵਾਪਰ ਚੁੱਕੀ ਹੈ ਅਤੇ ਇਹ ਦਿਨ-ਦਿਹਾੜੇ ਵਾਪਰੀ ਦੂਸਰੀ ਘਟਨਾ ਹੈ। ਪੀੜਤ ਪਰਿਵਾਰ ਅਤੇ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਪੁਲਿਸ ਵਿਭਾਗ ਕੋਲੋਂ ਅਜਿਹੇ ਠੱਗਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਦੀਪਕਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਾਣੇ ’ਚ ਪੀੜਤ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਉਹ ਖੁਦ ਘਟਨਾ ਵਾਲੇ ਸਥਾਨ ਅਤੇ ਇਕਬਾਲ ਸਿੰਘ ਦੇ ਘਰ ਦਾ ਮੌਕਾ ਦੇਖ ਕੇ ਇਸ ਮਾਮਲੇ ਦੀ ਤਹਿ ਤੱਕ ਪਹੁੰਚਦੇ ਹੋਏ ਦੋਸ਼ੀਆਂ ਨੂੰ ਕਾਬੂ ਕਰਨ ਦਾ ਪੂਰਾ ਯਤਨ ਕਰਨਗੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਦੀ ਤੁਰੰਤ ਨੇੜਲੇ ਪੁਲਿਸ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।

Read More : ਸਰਹੱਦੀ ਪਿੰਡ ਪਲਮੋਰਾ ’ਚ 6 ਕਰੋੜ ਦੀ ਹੈਰੋਇਨ ਸਮੇਤ 3 ਡਰੋਨ ਜ਼ਬਤ

Leave a Reply

Your email address will not be published. Required fields are marked *