24 ਘੰਟਿਆਂ ਬਾਅਦ ਵੀ ਕੋਈ ਪਤਾ ਨਹੀਂ ਲੱਗਾ
ਪਾਉਂਟਾ ਸਾਹਿਬ, 24 ਸਤੰਬਰ : ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਵਿਚ ਯਮੁਨਾ ਨਦੀ ਵਿਚ ਡੁੱਬੇ ਤਿੰਨ ਨੌਜਵਾਨਾਂ ਦਾ 24 ਘੰਟੇ ਬਾਅਦ ਵੀ ਕੋਈ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਭਾਲ ਲਈ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ਼) ਨੂੰ ਬੁਲਾਇਆ ਹੈ। ਐਨਡੀਆਰਐਫ਼ ਦੀਆਂ ਟੀਮਾਂ ਅਤੇ ਸਥਾਨਕ ਗੋਤਾਖੋਰਾਂ ਨੇ ਅੱਜ ਸਵੇਰੇ ਖੋਜ ਮੁਹਿੰਮ ਸ਼ੁਰੂ ਕੀਤੀ ਪਰ ਨਦੀ ਵਿਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ।
ਇਸ ਦੌਰਾਨ ਨਦੀ ਵਿਚ ਡੁੱਬਣ ਵਾਲੇ ਦੋ ਭਰਾਵਾਂ ਦਾ ਦਾਦਾ ਆਪਣੇ ਪੋਤਿਆ ਦੇ ਡੁੱਬਣ ਦੀ ਖ਼ਬਰ ਮਿਲਦੇ ਹੀ ਬੇਹੋਸ਼ ਹੋ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਲਗਭਗ 11:30 ਵਜੇ ਅਮਿਤ (23) ਨਾਮ ਦਾ ਇੱਕ ਲੜਕਾ ਪਾਉਂਟਾ ਸਾਹਿਬ ਦੇ ਯਮੁਨਾ ਘਾਟ ਨੇੜੇ ਨਦੀ ਵਿੱਚ ਨਹਾਉਣ ਗਿਆ ਸੀ। ਅਮਿਤ ਨੂੰ ਡੁੱਬਦਾ ਦੇਖ ਕੇ ਦੋ ਭਰਾਵਾਂ ਕਮਲੇਸ਼ (22) ਅਤੇ ਰਜਨੀਸ਼ (20) ਨੇ ਉਸ ਨੂੰ ਬਚਾਉਣ ਲਈ ਨਦੀ ਵਿਚ ਛਾਲ ਮਾਰ ਦਿੱਤੀ। ਉਹ ਦੋਵੇਂ ਅਮਿਤ ਸਮੇਤ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਏ।
ਮੌਕੇ ਉਪਰ ਮੌਜੂਦ ਲੋਕਾਂ ਨੇ ਤਿੰਨਾਂ ਨੌਜਵਾਨਾਂ ਨੂੰ ਕਾਫ਼ੀ ਦੂਰੀ ਤੱਕ ਵਹਿਦੇ ਦੇਖਿਆ। ਤਿੰਨੋਂ ਸਿਰਮੌਰ ਦੇ ਸ਼ਿਲਾਈ ਇਲਾਕੇ ਦੇ ਰਹਿਣ ਵਾਲੇ ਹਨ। ਪਾਉਂਟਾ ਸਾਹਿਬ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਦੇਵੀ ਸਿੰਘ ਨੇਗੀ ਨੇ ਕਿਹਾ ਕਿ ਲਾਪਤਾ ਨੌਜਵਾਨ ਅਜੇ ਤੱਕ ਨਹੀਂ ਮਿਲੇ ਹਨ। ਪ੍ਰਸ਼ਾਸਨ ਨੇ ਉਨ੍ਹਾਂ ਦੀ ਭਾਲ ਲਈ ਐਨਡੀਆਰਐਫ਼ ਦੀ ਟੀਮ ਨੂੰ ਬੁਲਾਇਆ ਹੈ ਅਤੇ ਇਸ ਸਮੇਂ ਖੋਜ ਕਾਰਜ ਵਿੱਚ ਲੱਗੀ ਹੋਈ ਹੈ।
Read More : ਪੰਜਾਬ ਸਰਕਾਰ ਦਾ ਇਤਿਹਾਸਕ ਕਦਮ