ਫਿਰੋਜ਼ਪੁਰ, 31 ਅਗਸਤ : ਜੰਮੂ ਵਿਚ ਲਗਾਤਾਰ ਹੋ ਰਹੀ ਵਰਖਾ ਅਤੇ ਜੰਮੂ-ਮਾਧੋਪੁਰ ਵਿਚਾਲੇ ਰੇਲਵੇ ਪੁਲ ਦੀ ਖਸਤਾ ਹਾਲਤ ਦੇ ਕਾਰਨ ਜਿਥੇ ਪਿਛਲੇ ਛੇ ਦਿਨ ਤੋਂ ਇਸ ਟਰੈਕ ’ਤੇ ਰੇਲ ਆਵਾਜਾਈ ਲੱਗਭਗ ਠੱਪ ਹੈ ਉਥੇ ਹਜ਼ਾਰਾਂ ਮੁਸਾਫਰ ਹਾਲੇ ਵੀ ਜੰਮੂ ’ਚ ਫਸੇ ਹੋਏ ਹਨ। ਇਨ੍ਹਾਂ ਮੁਸਾਫਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਰੇਲਵੇ ਵਿਭਾਗ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਮੰਗਲਵਾਰ ਦੋ ਸਪੈਸ਼ਲ ਰੇਲਗੱਡੀਆਂ ਅਤੇ ਸ਼ਨੀਵਾਰ ਇਕ ਸਪੈਸ਼ਲ ਰੇਲਗੱਡੀ ਚਲਾਉਣ ਉਪਰੰਤ ਐਤਵਾਰ ਨੂੰ ਤਿੰਨ ਹੋਰ ਸਪੈਸ਼ਲ ਰੇਲਗੱੜੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੰਮੂਤਵੀ-ਕਲਕੱਤਾ ਸਪੈਸ਼ਲ ਰੇਲਗੱਡੀ ਨੂੰ ਬਾਅਦ ਦੁਪਹਿਰ 2 ਵਜੇ ਜੰਮੂ ਤੋਂ ਰਵਾਨਾ ਕੀਤਾ ਗਿਆ ਜੋ ਮੁਰਾਦਾਬਾਦ, ਲਖਨਊ, ਵਾਰਾਣਸੀ ਤੋਂ ਹੁੰਦੇ ਹੋਏ ਕਲਕੱਤਾ ਜਾਵੇਗੀ।
ਜੰਮੂਤਵੀ-ਚੇਨਈ ਸੈਂਟਰਲ ਰੇਲਗੱਡੀ ਨੂੰ ਸ਼ਾਮ 4 ਵਜੇ ਰਵਾਨਾ ਕੀਤਾ ਗਿਆ ਜੋ ਨਵੀਂ ਦਿੱਲੀ ਤੋਂ ਹੁੰਦੇ ਹੋਏ ਚੇਨਈ ਸੈਂਟਰਲ ਪਹੁੰਚੇਗੀ। ਜੰਮੂਤਵੀ-ਨਵੀਂ ਦਿੱਲੀ ਸਪੈਸ਼ਲ ਰੇਲਗੱੜੀ ਨੂੰ ਸ਼ਾਮ 6 ਵਜੇ ਰਵਾਨਾ ਕੀਤਾ ਗਿਆ ਜੋ ਕਠੂਆ, ਪਠਾਨਕੋਟ ਕੈਂਟ ਹੁੰਦੇ ਹੋਏ ਨਵੀਂ ਦਿੱਲੀ ਪਹੁੰਚੇਗੀ | ਡੀ. ਆਰ. ਐੱਮ. ਨੇ ਦੱਸਿਆ ਕਿ ਹਾਲਾਤ ਆਮ ਵਾਂਗ ਹੋਣ ਤੱਕ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਣ ਜਾਰੀ ਰਹੇਗਾ।
ਜੰਮੂ ਰੂਟ ’ਤੇ ਐਤਵਾਰ ਵੀ ਰੱਦ ਕੀਤੀਆਂ 52 ਰੇਲਗੱਡੀਆਂ
ਪਠਾਨਕੋਟ-ਜੰਮੂ ਰੂਟ ’ਤੇ ਮਾਧੋਪੁਰ ਦੇ ਕੋਲ ਰੇਲਵੇ ਪੁਲ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਵਿਭਾਗ ਨੇ ਐਤਵਾਰ ਵੀ 52 ਰੇਲਗੱਡੀਆਂ ਨੂੰ ਮੁਕੰਮਲ ਰੱਦ ਰੱਖਿਆ । ਡੀ. ਆਰ. ਐੱਮ. ਨੇ ਦੱਸਿਆ ਕਿ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਜਦ ਤੱਕ ਬਾਰਿਸ਼ਾਂ ਰੁਕ ਨਹੀਂ ਜਾਂਦੀਆਂ ਅਤੇ ਪੁਲ ਦੀ ਉਚਿਤ ਮੁਰੰਮਤ ਨਹੀਂ ਹੋ ਜਾਂਦੀ, ਇਸ ਰੂਟ ’ਤੇ ਗੱਡੀਆਂ ਦਾ ਸੰਚਾਲਣ ਨਹੀਂ ਹੋਵੇਗਾ। ਐਤਵਾਰ 52 ਰੇਲਗੱਡੀਆਂ ਨੂੰ ਮੁਕੰਮਲ ਰੱਦ ਕਰਨ ਦੇ ਨਾਲ-ਨਾਲ ਇਕ ਰੇਲਗੱਡੀ ਨੂੰ ਅੰਬਾਲਾ ਕੈਂਟ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਉਸ ਨੂੰ ਉਥੋਂ ਹੀ ਵਾਪਸ ਮੋੜ ਦਿੱਤਾ ਗਿਆ।
Read More : ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਨੇ ਹੜ੍ਹ ਪੀੜਤਾਂ ਲਈ ਦਿਖਾਈ ਇਕਜੁੱਟਤਾ