Police-arrests

123 ਕਰੋੜ ਦੀ ਹੈਰੋਇਨ ਸਮੇਤ ਤਿੰਨ ਸਮੱਗਲਰ ਗ੍ਰਿਫ਼ਤਾਰ

ਬੀ.ਐੱਸ.ਐੱਫ. ਅਤੇ ਏ.ਐੱਨ.ਟੀ.ਐੱਫ. ਦੇ ਸਾਂਝੇ ਆਪ੍ਰੇਸ਼ਨ ਦੌਰਾਨ 21 ਲੱਖ ਦੀ ਡਰੱਗ ਮਨੀ ਵੀ ਬਰਾਮਦ; ਪਾਕਿਸਤਾਨੀ ਤਸਕਰਾਂ ਦੇ ਇਰਾਦੇ ਨਾਕਾਮ

ਅੰਮ੍ਰਿਤਸਰ, 22 ਮਾਰਚ: ਪਾਕਿਸਤਾਨੀ ਸਮੱਗਲਰਾਂ ਦੇ ਨਾਪਾਕ ਇਰਾਦਿਆਂ ਨੂੰ ਇਕ ਵਾਰ ਫਿਰ ਕਰਾਰੀ ਮਾਤ ਦਿੰਦਿਆਂ ਸੀਮਾ ਸੁਰੱਖਿਆ ਬਲ (BSF) ਅਤੇ ਐਂਟੀ ਨਾਰਕੋਟਿਕਸ ਟਾਸਕ ਫ਼ੋਰਸ (ANTF) ਦੀ ਟੀਮ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਇਸ ਕਾਰਵਾਈ ਦੌਰਾਨ 24.5 ਕਿੱਲੋ ਹੈਰੋਇਨ ਅਤੇ 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਅੰਤਰਰਾਸ਼ਟਰੀ ਮਾਰਕੀਟ ’ਚ ਜ਼ਬਤ ਕੀਤੀ ਗਈ ਇਸ ਹੈਰੋਇਨ ਦੀ ਕੀਮਤ ਲਗਭਗ 123 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਇਸ ਵੱਡੇ ਨੈੱਟਵਰਕ ਦਾ ਖ਼ੁਲਾਸਾ ਕੁਝ ਦਿਨ ਪਹਿਲਾਂ ਭਿੰਡੀ ਔਲਖ ਦੇ ਇਲਾਕੇ ’ਚ ਹੋਈ ਇਕ ਕਾਰਵਾਈ ਤੋਂ ਹੋਇਆ ਸੀ। ਉਸ ਸਮੇਂ ਬੀ.ਐੱਸ.ਐੱਫ. ਨੇ ਇਕ ਡਰੋਨ ਅਤੇ 12 ਕਿੱਲੋ ਹੈਰੋਇਨ ਜ਼ਬਤ ਕੀਤੀ ਸੀ।

ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਤਕਨੀਕੀ ਨਿਗਰਾਨੀ ਰਾਹੀਂ ਤਸਕਰਾਂ ਦਾ ਪਿੱਛਾ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਸਮੱਗਲਰਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਰਾਣਾ (ਨੂਰਵਾਲ), ਮਨਪ੍ਰੀਤ ਸਿੰਘ ਪ੍ਰਿੰਸ (ਔਲਖ ਖ਼ੁਰਦ) ਅਤੇ ਰੌਸ਼ਨ ਪ੍ਰਿੰਸ ਵਜੋਂ ਹੋਈ ਹੈ।

ਫ਼ਿਲਹਾਲ ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਸਮੱਗਲਰਾਂ ਦੇ ਪਿਛਲੇ ਰਿਕਾਰਡ ਅਤੇ ਅਗਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਹੱਦ ਪਾਰ ਤੋਂ ਆਈ ਇਸ ਖੇਪ ਨੂੰ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਸੀ।

ਜ਼ਿਕਰਯੋਗ ਹੈ ਕਿ ਬੀ.ਐੱਸ.ਐੱਫ. ਅਤੇ ਏ.ਐੱਨ.ਟੀ.ਐੱਫ. ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਹਿਲਾਂ ਵੀ ਲਗਭਗ ਤਿੰਨ ਦਰਜਨ ਸਫ਼ਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ, ਜਿਸ ਨਾਲ ਨਸ਼ਾ ਤਸਕਰਾਂ ਦੇ ਲੱਕ ਤੋੜੇ ਗਏ ਹਨ।

Read More : ਫ਼ੈਕਟਰੀ ’ਚ ਗੈਸ ਲੀਕ ਹੋਣ ਕਾਰਨ ਧਮਾਕਾ; ਵਿਅਕਤੀ ਦੀ ਮੌਤ

Leave a Reply

Your email address will not be published. Required fields are marked *