ਕਾਰ ’ਚੋਂ ਮਿਲੇ 1 ਕਰੋੜ ’ਚੋਂ 20 ਲੱਖ ਦੀ ਰਿਸ਼ਵਤ ਲੈ ਕੇ ਮੁਲਜ਼ਮ ਛੱਡਣ ਵਾਲੇ 4 ਪੁਲਸ ਮੁਲਾਜ਼ਮ ਮੁਅੱਤਲ
ਭੋਪਾਲ, 22 ਮਾਰਚ : ਮੱਧ ਪ੍ਰਦੇਸ਼ ’ਚ ਪੁਲਸ ਵਿਭਾਗ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਪਾਰੀ ਦੀ ਕਾਰ ’ਚੋਂ ਇਕ ਕਰੋੜ ਰੁਪਏ ਬਰਾਮਦ ਕਰਨ ਤੋਂ ਬਾਅਦ 20 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ਹੇਠ 4 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਇਹ ਘਟਨਾ 19 ਮਾਰਚ ਨੂੰ ਗੁਨਾ ਜ਼ਿਲਾ ਦੇ ਧਾਰਨਾਵੜ ਪੁਲਸ ਸਟੇਸ਼ਨ ਅਧੀਨ ਆਉਂਦੇ ਰੁਥਾਈ ਚੌਕੀ ਖੇਤਰ ’ਚ ਵਾਪਰੀ ਸੀ। ਜਾਣਕਾਰੀ ਅਨੁਸਾਰ, ਗੁਜਰਾਤ ਨੰਬਰ ਦੀ ਇਕ ਐੱਸ.ਯੂ.ਵੀ. (SUV) ਕਾਰ ਨੂੰ ਜਾਂਚ ਲਈ ਰੋਕਿਆ ਗਿਆ ਸੀ। ਤਲਾਸ਼ੀ ਦੌਰਾਨ ਕਾਰ ’ਚੋਂ ਇਕ ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਨਿਯਮਾਂ ਅਨੁਸਾਰ ਇਸ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਦੇਣੀ ਬਣਦੀ ਸੀ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਸੀ, ਪਰ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਵਪਾਰੀ ਨਾਲ ਸੌਦਾ ਕਰ ਲਿਆ।
ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ 20 ਲੱਖ ਰੁਪਏ ਆਪਣੇ ਕੋਲ ਰੱਖ ਲਏ ਅਤੇ ਬਾਕੀ 80 ਲੱਖ ਰੁਪਏ ਵਪਾਰੀ ਨੂੰ ਵਾਪਸ ਕਰਕੇ ਉਸ ਨੂੰ ਕਾਰ ਸਮੇਤ ਜਾਣ ਦਿੱਤਾ। ਗਵਾਲੀਅਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (IG) ਅਰਵਿੰਦ ਸਕਸੈਨਾ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਉਨ੍ਹਾਂ ਦੇ ਧਿਆਨ ’ਚ ਆਈ ਸੀ। ਉਨ੍ਹਾਂ ਤੁਰੰਤ ਡਿਪਟੀ ਇੰਸਪੈਕਟਰ ਜਨਰਲ ਨੂੰ ਜਾਂਚ ਦੇ ਹੁਕਮ ਦਿੱਤੇ।
ਮੁੱਢਲੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਚਾਰਾਂ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਿਵਪੁਰੀ ਦੇ ਆਈ.ਪੀ.ਐੱਸ. ਅਧਿਕਾਰੀ ਆਯੁਸ਼ ਜਾਖੜ ਨੂੰ ਇਸ ਪੂਰੇ ਮਾਮਲੇ ਦੀ ਵਿਸਥਾਰਤ ਜਾਂਚ ਸੌਂਪੀ ਗਈ ਹੈ। ਇਸ ਘਟਨਾ ਨੇ ਸੂਬਾ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
Read More : 123 ਕਰੋੜ ਦੀ ਹੈਰੋਇਨ ਸਮੇਤ ਤਿੰਨ ਸਮੱਗਲਰ ਗ੍ਰਿਫ਼ਤਾਰ
