ਗੁਰਦਾਸਪੁਰ, 31ਅਗਸਤ : ਜ਼ਿਲਾ ਗੁਰਦਾਸਪੁਰ ’ਚ ਆਏ ਹੜ੍ਹਾਂ ਦੀ ਮਾਰ ਨੇ ਜਿੱਥੇ ਸਵਾ 300 ਦੇ ਕਰੀਬ ਪਿੰਡਾਂ ’ਚ ਡੇਢ ਲੱਖ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ 300 ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ਹੋ ਗਈ ਹੈ, ਉਸ ਦੇ ਨਾਲ ਹੀ ਹੜ੍ਹਾਂ ਦੀ ਇਸ ਮਾਰ ਨੇ ਪੋਲਟਰੀ ਉਦਯੋਗ ਦਾ ਲੱਕ ਵੀ ਤੋੜ ਕੇ ਰੱਖ ਦਿੱਤਾ ਹੈ।
ਖਾਸ ਤੌਰ ’ਤੇ ਸਰਹੱਦੀ ਇਲਾਕੇ ’ਚ ਰਾਵੀ ਦਰਿਆ ਦੇ ਨੇੜਲੇ ਪਿੰਡਾਂ ਵਿਚ ਕਈ ਉਮੀਦਾਂ ਲੈ ਕੇ ਪੋਲਟਰੀ ਦਾ ਕਾਰੋਬਾਰ ਸ਼ੁਰੂ ਕਰਨ ਵਾਲੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਹੜ੍ਹਾਂ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ। ਗੁਰਦਾਸਪੁਰ ਜ਼ਿਲੇ ਦੇ ਪਿੰਡ ਲੋਲੇ ਨੰਗਲ ਵਿਖੇ ਸੰਦੀਪ ਸਿੰਘ ਨਾਮ ਦੇ ਪੋਲਟਰੀ ਫਾਰਮ ਮਾਲਕ ਨੇ ਦੱਸਿਆ ਕਿ ਉਸ ਦੇ ਪੋਲਟਰੀ ਫਾਰਮ ’ਚ ਦੇਖਦੇ ਹੀ ਦੇਖਦੇ ਪਾਣੀ ਭਰ ਗਿਆ ਅਤੇ 2000 ਤੋਂ ਜ਼ਿਆਦਾ ਚੂਚੇ ਮਰ ਗਏ। ਇਸ ਦੇ ਨਾਲ ਹੀ ਪਿੰਡ ’ਚ ਅਤੇ ਇਲਾਕੇ ਵਿਚ ਹੋਰ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਆਲੀਨੰਗਲ, ਡੇਹਰੀਵਾਲ ਕਿਰਨ ਅਤੇ ਇਸ ਸਮੁੱਚੇ ਇਲਾਕੇ ਅੰਦਰ ਹੋਰ ਜਿੰਨੇ ਵੀ ਪੋਲਟਰੀ ਫਾਰਮ ਹਨ, ਉਨ੍ਹਾਂ ’ਚ ਵੀ ਚੂਚਿਆਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਚੂਚਿਆਂ ਦੀ ਹੋਈ ਮੌਤ ਲਈ ਜਿੱਥੇ ਸਬੰਧਤ ਕੰਪਨੀ ਨੂੰ ਵੱਡੀ ਘਾਟਾ ਪਵੇਗਾ, ਉਸ ਦੇ ਨਾਲ ਹੀ ਪੋਲਟਰੀ ਫਾਰਮ ਮਾਲਕਾਂ ਨੂੰ ਇਨ੍ਹਾਂ ਚੂਚਿਆਂ ਨੂੰ ਪਾਲਣ ਦਾ ਕੋਈ ਵੀ ਮਿਹਨਤਾਨਾ ਨਹੀਂ ਮਿਲੇਗਾ ਅਤੇ ਨਾ ਹੀ ਉਨ੍ਹਾਂ ਦਾ ਆਉਣ ਵਾਲੇ ਸਮੇਂ ’ਚ ਜਲਦੀ ਕਾਰੋਬਾਰ ਸ਼ੁਰੂ ਹੋ ਸਕੇਗਾ। ਕਿਉਂਕਿ ਪੋਲਟਰੀ ਫਾਰਮਾਂ ’ਚ ਪਾਣੀ ਭਰਨ ਕਾਰਨ ਸਾਰੇ ਸਾਜੋ ਸਮਾਨ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ।
ਸਿਲ ਸਲਾਬ ਸਮੇਤ ਹੋਰ ਸਮੱਸਿਆਵਾਂ ਦੇ ਚਲਦੇ ਉਹ ਮੁੜ ਜਲਦੀ ਇਨ੍ਹਾਂ ਪੋਲਟਰੀ ਫਾਰਮਾਂ ’ਚ ਚੂਚੇ ਨਹੀਂ ਰੱਖ ਸਕਣਗੇ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜਿਸ ਢੰਗ ਦੇ ਨਾਲ ਫਸਲਾਂ ਦੀ ਗਿਰਦਾਵਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਪੋਲਟਰੀ ਦੇ ਨੁਕਸਾਨ ਸਬੰਧੀ ਵੀ ਵਿਸ਼ੇਸ਼ ਰਿਪੋਰਟ ਤਿਆਰ ਕਰ ਕੇ ਉਨ੍ਹਾਂ ਦੇ ਨੁਕਸਾਨ ਦੀ ਭਰਭਾਈ ਕਰਵਾਈ ਜਾਵੇ।
Read More : ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ