gurdaspur news

ਚੋਰਾਂ ਨੇ ਪਿਸਤੌਲ ਦੀ ਨੋਕ ’ਤੇ ਚੌਂਕੀਦਾਰ ਨੂੰ ਬੰਨ੍ਹ ਕੇ ਗਟਰ ’ਚ ਸੁੱਟਿਆ

ਸੁਨਿਆਰੇ ਦੀ ਦੁਕਾਨ ’ਚੋਂ ਕਰੀਬ 10 ਲੱਖ ਦਾ ਸਾਮਾਨ ਕੀਤਾ ਚੋਰੀ

ਗੁਰਦਾਸਪੁਰ, 21 ਦਸੰਬਰ : ਗੁਰਦਾਸਪੁਰ ਸ਼ਹਿਰ ਦੇ ਪੁਰਾਣਾ ਸ਼ਾਲਾ ਅੱਡੇ ’ਚ ਬੀਤੀ ਰਾਤ ਚੋਰਾਂ ਨੇ ਪਿਸਤੌਲ ਦੀ ਨੋਕ ’ਤੇ ਚੌਂਕੀਦਾਰ ਨੂੰ ਬੰਨ੍ਹ ਕੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 10 ਲੱਖ ਰੁਪਏ ਦਾ ਸੋਨਾ-ਚਾਂਦੀ ਅਤੇ ਨਕਦੀ ਚੋਰੀ ਕਰ ਲਈ ਗਈ। ਘਟਨਾ ਰਾਤ ਕਰੀਬ ਢਾਈ ਵਜੇ ਦੇ ਆਸ-ਪਾਸ ਵਾਪਰੀ।

ਇਸ ਸਬੰਧੀ ਚਾਹਤ ਜਿਊਲਰਜ਼ ਦੇ ਮਾਲਕ ਲਾਡੀ ਸੁਨਿਆਰੇ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਦੁਕਾਨ ’ਤੇ ਲੱਗੇ ਇਲੈਕਟ੍ਰਾਨਿਕ ਸੁਰੱਖਿਆ ਸਿਸਟਮ ਨੇ ਰਾਤ ਢਾਈ ਵਜੇ ਦੇ ਕਰੀਬ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਦੁਕਾਨ ਅੰਦਰ ਹਿਲਜੁਲ ਹੋਣ ਦੀ ਚਿਤਾਵਨੀ ਭੇਜੀ।

ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਚੌਂਕੀਦਾਰ ਨੂੰ ਫੋਨ ਕੀਤਾ, ਜਿਸ ਨੇ ਕਿਹਾ ਕਿ ਉਹ ਜਲਦੀ ਹੀ ਮੌਕੇ ’ਤੇ ਪਹੁੰਚ ਕੇ ਜਾਂਚ ਕਰੇਗਾ ਪਰ ਕੁਝ ਸਮੇਂ ਬਾਅਦ ਚੌਂਕੀਦਾਰ ਨੇ ਫੋਨ ਨਹੀਂ ਚੁੱਕਿਆ, ਜਿਸ ਕਾਰਨ ਕਰੀਬ 15 ਮਿੰਟ ਬਾਅਦ ਖੁਦ ਦੁਕਾਨ ’ਤੇ ਪਹੁੰਚ ਗਿਆ।

ਉੱਥੇ ਪਹੁੰਚ ਕੇ ਦੇਖਿਆ ਗਿਆ ਕਿ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਇਆ ਸੀ ਅਤੇ ਅੰਦਰਲਾ ਸ਼ੀਸ਼ਾ ਤੋੜਿਆ ਹੋਇਆ ਸੀ। ਚੋਰਾਂ ਵੱਲੋਂ ਦੁਕਾਨ ’ਚੋਂ ਲਗਭਗ ਤਿੰਨ ਕਿਲੋ ਚਾਂਦੀ, ਸੋਨੇ ਦੀਆਂ 12 ਮੁੰਦਰੀਆਂ, ਹੋਰ ਕੀਮਤੀ ਸਾਮਾਨ ਅਤੇ 23 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ ਗਏ ਸਨ।

ਦੁਕਾਨਦਾਰ ਨੇ ਦੱਸਿਆ ਕਿ ਕੁਝ ਦੇਰ ਬਾਅਦ ਚੌਂਕੀਦਾਰਾਂ ਨੇ ਜਾਣਕਾਰੀ ਦਿੱਤੀ ਕਿ ਚੋਰਾਂ ਨੇ ਉਨ੍ਹਾਂ ਨੂੰ ਪਿਸਤੌਲ ਦੀ ਨੋਕ ’ਤੇ ਬੰਨ੍ਹ ਕੇ ਇਕ ਸੁੱਕੇ ਗਟਰ ’ਚ ਸੁੱਟ ਦਿੱਤਾ ਸੀ, ਜਿੱਥੋਂ ਉਹ ਮੁਸ਼ਕਲ ਨਾਲ ਬਾਹਰ ਨਿਕਲੇ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰਾਂ ਵੱਲੋਂ ਦੁਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਬੰਦ ਕਰ ਦਿੱਤੇ ਗਏ ਅਤੇ ਡੀਵੀਆਰ ਵੀ ਨਾਲ ਲੈ ਗਏ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Read More : ਬਾਲੀਵੁੱਡ ਡਾਂਸਰ ਨੋਰਾ ਫਤੇਹੀ ਦੀ ਕਾਰ ਦਾ ਹਾਦਸਾਗ੍ਰਸਤ

Leave a Reply

Your email address will not be published. Required fields are marked *