ਕਾਂਗਰਸ ਨੇ ਕੁਝ ਸੀਟਾਂ ਤਾਂ 3-3 ਵੋਟਾਂ ਦੇ ਅੰਤਰ ਨਾਲ ਜਿੱਤੀਆਂ
ਚੰਡੀਗੜ੍ਹ, 18 ਦਸੰਬਰ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ 70 ਪ੍ਰਤੀਸ਼ਤ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ।
ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੇਂਡੂ ਖੇਤਰਾਂ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੇ ਕੰਮਾਂ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਪੰਜਾਬ ਵਿਚ ਸਰਕਾਰ ਵਿਰੋਧੀ ਕੋਈ ਲਹਿਰ ਨਹੀਂ ਦੇਖੀ ਗਈ ਕਿਉਂਕਿ ‘ਆਪ’ ਸਰਕਾਰ ਦੇ 4 ਸਾਲ ਪੂਰੇ ਹੋਣ ਤੋਂ ਬਾਅਦ ਇਹ ਚੋਣਾਂ ਹੋਈਆਂ ਹਨ।
ਕੇਜਰੀਵਾਲ ਨੇ ਕਿਹਾ ਕਿ 2013 ਅਤੇ 2018 ਵਿਚ ਜੋ ਚੋਣਾਂ ਹੋਈਆਂ ਸਨ, ਉਹ ਉਸ ਸਮੇਂ ਦੀ ਅਕਾਲੀ ਅਤੇ ਕਾਂਗਰਸ ਸਰਕਾਰਾਂ ਦੇ ਸੱਤਾ ਵਿਚ ਆਉਣ ਦੇ ਇਕ ਸਾਲ ਬਾਅਦ ਹੋਈਆਂ ਸਨ। ਉਨ੍ਹਾਂ ਕਿਹਾ ਕਿ 319 ਸੀਟਾਂ ਵਿਰੋਧੀਆਂ ਨੇ ਉਨ੍ਹਾਂ ਖੇਤਰਾਂ ਵਿਚ ਜਿੱਤੀਆਂ ਹਨ, ਜਿੱਥੇ ਹਾਰ-ਜਿੱਤ ਦਾ ਅੰਤਰ ਸਿਰਫ 100 ਵੋਟਾਂ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੁਝ ਸੀਟਾਂ ਤਾਂ 3-3 ਵੋਟਾਂ ਦੇ ਅੰਤਰ ਨਾਲ ਜਿੱਤੀਆਂ ਹਨ। ਜੇਕਰ ਧੋਖਾਦੇਹੀ ਹੁੰਦੀ ਤਾਂ ਇਹ ਸੀਟਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਦੇ ਕਾਰਨ ਪਿੰਡਾਂ ਦੀ ਜਨਤਾ ਨੇ ‘ਆਪ’ ਦਾ ਸਮਰਥਨ ਕੀਤਾ ਹੈ। ਸਾਬਕਾ ਸਰਕਾਰ ਦੇ ਸਮੇਂ ਮੰਤਰੀਆਂ ਦੀਆਂ ਗੱਡੀਆਂ ਵਿਚ ਨਸ਼ਾ ਵੇਚਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਵੇਚਣ ਵਾਲਿਆਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਏ ਗਏ ਹਨ।
ਉਨ੍ਹਾਂ ਕਿਹਾ ਕਿ ਜਨਵਰੀ 2026 ਤੋਂ ਸਾਰੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਬੀਮਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਭੇਦਭਾਵ ਦੇ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਨਾਲ ਮੁਹੱਲਾ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਸਿਹਤ ਸੰਬੰਧੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ।
Read More : ਪਟਵਾਰੀ 8000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
