ਕਰਜ਼ੇ ਅਤੇ ਗਰੀਬੀ ਕਾਰਨ ਰਹਿੰਦਾ ਸੀ ਪ੍ਰੇਸ਼ਾਨ
ਬਰਨਾਲਾ, 17 ਜੂਨ :-ਜ਼ਿਲਾ ਬਰਨਾਲਾ ਦੇ ਬਲਾਕ ਸ਼ਹਿਣਾ ਅਧੀਨ ਪੈਂਦੇ ਪਿੰਡ ਉੱਗੋਕੇ ਵਿਖੇ ਇਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ 25 ਸਾਲਾ ਨੌਜਵਾਨ ਜਗਸੀਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਜਗਸੀਰ ਸਿੰਘ ਸੀਰਾ ਇਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਦਿਨ-ਰਾਤ ਮਿਹਨਤ ਕਰਦਾ ਸੀ ਅਤੇ ਬੱਕਰੀਆਂ ਚਾਰ ਕੇ ਪਰਿਵਾਰ ਦੀ ਮਦਦ ਕਰਦਾ ਸੀ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਸਿਰ ਕਰਜ਼ਾ ਵੀ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਹ ਇਸ ਕਰਜ਼ੇ ਅਤੇ ਗਰੀਬੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
ਜਗਸੀਰ ਸਿੰਘ ਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ। ਉਹ ਆਪਣੇ ਪਿੱਛੇ ਆਪਣੀ ਮਾਤਾ ਪਰਮਜੀਤ ਕੌਰ, ਪਿਤਾ ਅਤੇ ਇਕ ਛੋਟਾ ਭਰਾ ਛੱਡ ਗਿਆ ਹੈ। ਉਸ ਦਾ ਛੋਟਾ ਭਰਾ ਪੜ੍ਹਾਈ ਦੇ ਨਾਲ-ਨਾਲ ਰੰਗ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਤੋਰਨ ’ਚ ਮਦਦ ਕਰਦਾ ਹੈ।
ਇਸ ਮਾਮਲੇ ਸਬੰਧੀ ਪੁਲਸ ਥਾਣਾ ਸ਼ਹਿਣਾ ਦੇ ਐੱਸ. ਐੱਚ. ਓ. ਗੁਰਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਲੱਗਭਗ 1 ਵਜੇ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਅਨੁਸਾਰ, ਮ੍ਰਿਤਕ ਦੇ ਪਰਿਵਾਰਕ ਹਾਲਾਤ ਗਰੀਬੀ ਵਾਲੇ ਦੱਸੇ ਜਾ ਰਹੇ ਹਨ।
ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Read More : ਗੰਗਾ ’ਚ ਰੁੜਿਆ ਭਵਾਨੀਗੜ੍ਹ ਦਾ ਨੌਜਵਾਨ