Ravi water

ਮੁੜ ਕਹਿਰਵਾਨ ਹੋਇਆ ਰਾਵੀ ਦਾ ਪਾਣੀ, ਡੁੱਬੇ ਘਰ ਅਤੇ ਖੇਤ

ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ ਰਣਜੀਤ ਸਾਗਰ ਡੈਮ ਦਾ ਪਾਣੀ

ਪਹਿਲਾਂਤੋਂ ਸੰਕਟ ’ਚ ਘਿਰੇ ਲੋਕਾਂ ਦੇ ਸਿਰਾਂ ’ਤੇ ਮੁੜ ਮੰਡਰਾਇਆ ਖਤਰਾ

ਗੁਰਦਾਸਪੁਰ, 3 ਸਤੰਬਰ : ਕਰੀਬ ਇਕ ਹਫਤਾ ਲਗਾਤਾਰ ਕਹਿਰ ਵਰਤਾਉਣ ਵਾਲੇ ਰਾਵੀ ਦਰਿਆ ਦਾ ਪਾਣੀ ਅੱਜ ਮੁੜ ਉਛਲਿਆ ਹੈ, ਜਿਸਨੇ ਨਾ ਸਿਰਫ ਦਰਿਆ ਦੇ ਨੇੜਲੇ ਇਲਾਕਾ ਤੱਕ ਮਾਰ ਕੀਤੀ ਹੈ, ਸਗੋਂ ਇਸ ਦਰਿਆ ਤੋਂ ਦੂਰ-ਦੁਰਾਡੇ ਪਿੰਡਾਂ ਵਿਚ ਵੀ ਗਲੀਆਂ, ਘਰਾਂ ਅਤੇ ਖੇਤਾਂ ਨੂੰ ਲਪੇਟ ਵਿਚ ਲੈ ਲਿਆ ਹੈ।

ਦੱਸਣਯੋਗ ਹੈ ਕਿ ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ ਮੁੜ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਜਾਣ ਕਾਰਨ ਡੈਮ ਤੋਂ ਆ ਰਹੇ ਪਾਣੀ ਦੀ ਮਾਤਰਾ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਨਾਲ ਹੀ ਪਹਾੜਾਂ ’ਚ ਦੋ ਦਿਨ ਪਏ ਤੇਜ਼ ਮੀਂਹ ਨੇ ਵੀ ਸਿੱਧੇ ਤੌਰ ’ਤੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਾ ਦਿੱਤਾ ਹੈ। ਉੱਜ ਦਰਿਆ ’ਚ ਵੀ ਪਾਣੀ ਦੀ ਮਾਤਰਾ ਕਾਫੀ ਵਧੀ ਹੈ, ਜਿਸ ਕਾਰਨ ਮਕੌੜਾ ਪੱਤਣ ’ਤੇ ਇਕੱਤਰ ਹੁੰਦੇ ਉਜ ਅਤੇ ਰਾਵੀ ਦਰਿਆ ਦੇ ਪਾਣੀ ਨੇ ਇਕ ਵਾਰ ਫਿਰ ਸਰਹੱਦੀ ਖੇਤਰ ਦੇ ਲੋਕਾਂ ’ਤੇ ਕਹਿਰ ਢਾਇਆ ਹੈ।

ਦੱਸਣਯੋਗ ਹੈ ਕਿ ਰਣਜੀਤ ਸਾਗਰ ਡੈਮ ’ਚ ਜ਼ਿਆਦਾ ਤੋਂ ਜ਼ਿਆਦਾ 527 ਮੀਟਰ ਤੱਕ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ਪਰ ਇਸ ਡੈਮ ਵਿਚ ਅੱਜ ਪਾਣੀ ਦੀ ਮਾਤਰਾ 526.7 ਮੀਟਰ ਤੱਕ ਪਹੁੰਚ ਜਾਣ ਕਾਰਨ ਡੈਮ ਤੋਂ ਤੇਜ਼ੀ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਇਸੇ ਕਾਰਨ ਰਾਵੀ ਦਰਿਆ ’ਚ ਪਹੁੰਚਣ ਵਾਲੇ ਪਾਣੀ ਦੀ ਮਾਤਰਾ 2 ਲੱਖ ਕਿਊਸਿਕ ਤੋਂ ਵੀ ਜ਼ਿਆਦਾ ਹੋ ਗਈ ਹੈ ਕਿਉਂਕਿ ਇਸ ਦਰਿਆ ’ਚ ਉਜ ਦਰਿਆ ਅਤੇ ਹੋਰ ਨਾਲਿਆਂ ਦਾ ਪਾਣੀ ਵੀ ਸ਼ਾਮਲ ਹੋ ਰਿਹਾ ਹੈ।

ਕਿਹੜੇ ਪਿੰਡਾਂ ’ਚ ਮੁੜ ਸ਼ੁਰੂ ਹੋਈ ਪਾਣੀ ਦੀ ਮਾਰ

ਸਰਹੱਦੀ ਖੇਤਰ ਨਾਲ ਸਬੰਧਤ ਬਿੱਟੂ ਮਕੌੜਾ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਰਾਵੀ ਦਰਿਆ ਹੁਣ ਆਪਣੇ ਅਸਲੀ ਰਸਤੇ ਰਾਹੀਂ ਵਹਿਣ ਦੀ ਬਜਾਏ ਨਵੇਂ ਬਣਾਏ ਰਸਤਿਆਂ ਵੱਲ ਵੀ ਚੱਲ ਪਿਆ ਹੈ। ਅੱਜ ਰਾਵੀ ਦਰਿਆ ’ਚ ਮੁੜ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਹੋ ਜਾਣ ਕਾਰਨ ਮਕੌੜਾ, ਝਬਕਰਾ ਚੰਡੀਗੜ੍ਹ, ਆਬਾਦੀ, ਗੰਡੂ ਚੱਕ ਰਾਮ ਸਹਾਏ, ਜਗੋਚੱਕ ਟਾਂਡਾ, ਨਵਾਂ ਟਾਂਡਾ, ਉਗਰਾ, ਜੈਨਪੁਰ, ਠੱਠੀ, ਫਰੀਦਕੋਟ, ਠਾਕੁਰਪੁਰ ਚੌਤਰਾ, ਸਲਾਚ ਸਮੇਤ ਹੋਰ ਅਨੇਕਾਂ ਪਿੰਡਾਂ ਵਿਚ ਪਾਣੀ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬਹੁਤ ਮੁਸ਼ਕਲ ਨਾਲ ਲੋਕ ਆਪਣੇ ਘਰਾਂ ਦੀ ਸਫਾਈ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਲੀਹਾਂ ’ਤੇ ਲਿਆਉਣ ਦਾ ਯਤਨ ਕਰਨ ਲੱਗੇ ਸਨ ਪਰ ਪਾਣੀ ਨੇ ਅੱਜ ਮੁੜ ਲੋਕਾਂ ਦੇ ਸਿਰਾਂ ’ਤੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ’ਚ ਪਹੁੰਚੇ ਲੋਕ ਵੀ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਰਹੇ ਹਨ। ਕਿਉਂਕਿ ਅਜੇ ਤੱਕ ਧੁੱਸੀ ਬੰਨ੍ਹ ਦੀ ਮੁਰੰਮਤ ਨਹੀਂ ਕੀਤੇ ਗਏ, ਜਿਸ ਕਾਰਨ ਪਾਣੀ ਆਪ ਮੁਹਾਰੇ ਆਪਣੀ ਮਰਜ਼ੀ ਦੇ ਨਾਲ ਵੱਖ-ਵੱਖ ਪਿੰਡਾਂ ਘਰਾਂ ਅਤੇ ਖੇਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਹੁਣ ਜਦੋਂ ਜ਼ਿੰਦਗੀ ਨੂੰ ਕੁਝ ਲੀਹਾਂ ’ਤੇ ਲਿਆਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਸਨ ਤਾਂ ਅੱਜ ਰਾਵੀ ਦੇ ਪਾਣੀ ਨੇ ਮੁੜ ਵੱਡੀ ਤਰਾਸਦੀ ਦਿਖਾਈ ਹੈ। ਇਸ ਖੇਤਰ ਦੇ ਬਹੁਤ ਸਾਰੇ ਖੇਤ ਮੁੜ ਪਾਣੀ ’ਚ ਹੀ ਡੁੱਬ ਗਏ ਹਨ ਅਤੇ ਅਨੇਕਾਂ ਸੜਕਾਂ ਦੇ ਉੱਪਰੋਂ ਦੀ ਪਾਣੀ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ।

ਆਉਣ ਵਾਲੇ ਦਿਨਾਂ ’ਚ ਰਾਹਤ ਮਿਲਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਇਸ ਸਾਲ ਅਗਸਤ ਮਹੀਨੇ ਪਏ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਅਤੇ ਸਰਪਲਸ ਮੀਂਹ ਪੈਣ ਕਾਰਨ ਹੀ ਸਰਹੱਦੀ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਸਮੇਤ ਹੋਰ ਥਾਵਾਂ ’ਤੇ ਦਰਿਆਵਾਂ ਨੇ ਵੱਡਾ ਕਹਿਰ ਢਾਇਆ ਹੈ। ਹੁਣ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਹੁਣ ਲੋਕ ਇਸ ਗੱਲ ਨੂੰ ਲੈ ਕੇ ਰਾਹਤ ਮਹਿਸੂਸ ਕਰ ਰਹੇ ਹਨ ਕਿ ਜੇਕਰ ਮੀਂਹ ਨਾ ਪਿਆ ਤਾਂ ਸਮੱਸਿਆਵਾਂ ਘੱਟਣੀਆਂ ਸ਼ੁਰੂ ਹੋਣਗੀਆਂ।

ਦੂਜੇ ਪਾਸੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ’ਚ ਹਨ ਕਿ ਹੜ੍ਹਾਂ ਦੇ ਅਸਲ ਨੁਕਸਾਨ ਦੀ ਸ਼ੁਰੂਆਤ ਹੁਣ ਪਾਣੀ ਸੁੱਕਣ ਤੋਂ ਬਾਅਦ ਹੀ ਹੋਣੀ ਹੈ। ਅਤੇ ਲੋਕਾਂ ਦੇ ਨੁਕਸਾਨ ਸਮੇਤ ਹੋਰ ਸਾਰੀਆਂ ਸਥਿਤੀਆਂ ਦੀ ਅਸਲੀ ਤਸਵੀਰ ਪਾਣੀ ਸੁੱਕਣ ਦੇ ਬਾਅਦ ਸਾਹਮਣੇ ਆਵੇਗੀ।

ਮੀਂਹ ਦੇ ਬਾਵਜੂਦ ਜਾਰੀ ਰਹੇ ਰਾਹਤ ਕਾਰਜ

ਅੱਜ ਬੇਸ਼ੱਕ ਮੀਂਹ ਨੇ ਕਈ ਤਰ੍ਹਾਂ ਦੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੱਖ-ਵੱਖ ਥਾਈਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਧੁੱਸੀ ਦੀ ਮੁਰੰਮਤ ਕਰਨ ਅਤੇ ਲੋਕਾਂ ਤੱਕ ਲੋੜੀਂਦੀ ਸਮੱਗਰੀ ਪਹੁੰਚਾਉਣ ਦੇ ਕਾਰਜ ਜਾਰੀ ਰਹੇ।

ਅੱਜ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਹੜ੍ਹ ਪੀੜਤਾਂ ਅਤੇ ਪਸ਼ੂਆਂ ਲਈ ਰਾਹਤ ਸਮੱਗਰੀ ਦੇ ਟਰੈਕਟਰ ਟਰਾਲੀਆਂ ਅਤੇ ਟਰੱਕ ਤੇਜ਼ੀ ਨਾਲ ਪਹੁੰਚ ਰਹੇ ਹਨ। ਮੀਂਹ ਦੇ ਸਾਹਮਣੇ ਵੀ ਲੋਕਾਂ ਦਾ ਜੋਸ਼ ਫਿਕਾ ਨਹੀਂ ਪੈ ਰਿਹਾ ਅਤੇ ਲੋਕ ਪੂਰੇ ਉਤਸ਼ਾਹ ਨਾਲ ਪੀੜਤਾਂ ਦੀ ਮਦਦ ਕਰਨ ਲਈ ਲੱਗੇ ਹੋਏ ਹਨ।

Read More : ਡੀ.ਸੀ. ਵੱਲੋਂ ਸੰਗਰੂਰ ’ਚ ਮੀਂਹ ਤੇ ਹੜ੍ਹਾਂ ਤੋਂ ਬਾਅਦ ਦੀਆਂ ਤਿਆਰੀਆਂ ਦੀ ਸਮੀਖਿਆ

Leave a Reply

Your email address will not be published. Required fields are marked *