Ravi River

ਮਕੌੜਾ ਪੱਤਣ ’ਤੇ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵਧਿਆ

ਪਾਰਲੇ ਪਾਸੇ ਵੱਸੇ ਪਿੰਡਾਂ ਲਈ ਜਾਣ ਵਾਲੀ ਕਿਸ਼ਤੀ ਹੋਈ ਬੰਦ

ਗੁਰਦਾਸਪੁਰ, 30 ਜੁਲਾਈ : ਪਹਾੜੀ ਇਲਾਕੇ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਮਕੌੜਾ ਪੱਤਣ ’ਤੇ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਪਾਰਲੇ ਪਾਸੇ ਅੱਧੀ ਦਰਜਨ ਪਿੰਡ ਤੂਰਬਾਨੀ, ਚੇਬੇ, ਭਰਿਆਲ, ਲਸਿਆਣ, ਮੰਮੀ ਚਕਰੰਜਾ ਆਦਿ ਪਿੰਡਾਂ ਦਾ ਲਿੰਕ ਟੁੱਟ ਗਿਆ ਹੈ ਅਤੇ ਲੋਕਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਚਲਾਈ ਜਾਂਦੀ ਕਿਸ਼ਤੀ ਵੀ ਅੱਜ ਬੰਦ ਕਰਨੀ ਪਈ ਹੈ।

ਇਸ ਦੌਰਾਨ ਪਾਣੀ ਦਾ ਪੱਧਰ ਵੱਧਣ ਕਾਰਨ ਅੱਜ ਪਾਰਲੇ ਪਾਸੇ ਦੇ ਪਿੰਡ ਭਰਿਆਲ, ਤੂਰ ਦੇ ਸਕੂਲਾਂ ’ਚ ਟੀਚਰ ਸਕੂਲ ਨਹੀਂ ਪੁੱਜ ਸਕੇ, ਜਿਸ ਕਾਰਨ ਬੱਚਿਆਂ ਨੂੰ ਸਕੂਲ ਤੋਂ ਵਾਪਸ ਆਪਣੇ ਘਰਾਂ ਨੂੰ ਆਉਣ ਲਈ ਮਜਬੂਰ ਹੋਣਾ ਪਿਆ ਹੈ।

ਇਸ ਮੌਕੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਪਿੰਡਾਂ ਦੇ ਕੁਝ ਲੋਕਾਂ ਦੱਸਿਆ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਸਿਰਫ ਵੋਟਾਂ ਵੇਲੇ ਹੀ ਸਾਡੇ ਨਾਲ ਪੱਕੇ ਪੁਲ ਦਾ ਨਿਰਮਾਣ ਕਰਨ ਦੇ ਵਾਅਦੇ ਕਰਦੇ ਹਨ ਪਰ ਮੁੜ ਕੇ ਕਿਸੇ ਵੱਲੋਂ ਵੀ ਸਾਡੀ ਸਾਰ ਨਹੀਂ ਲਈ ਜਾਂਦੀ ਹੈ, ਅਜੇ ਸਿਰਫ ਪਹਿਲੀ ਬਾਰਿਸ਼ ਹੀ ਹੋਈ ਹੈ ਤੇ ਸਾਡੇ ਲਈ ਕਾਫੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ, ਸਾਡੇ ਜੋ ਬੱਚੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਦੀਨਾਨਗਰ, ਗੁਰਦਾਸਪੁਰ, ਬਹਿਰਾਮਪੁਰ, ਮਰਾੜਾ, ਝਬਕਰਾ ਆਦਿ ਵਿਖੇ ਉੱਚ ਪੱਧਰੀ ਪੜ੍ਹਾਈ ਵਾਸਤੇ ਜਾਂ ਕਿਸੇ ਕੋਰਸ ਕਰਨ ਲਈ ਜਾਂਦੇ ਸਨ, ਉਨ੍ਹਾਂ ਦਾ ਵੀ ਆਉਣਾ-ਜਾਣਾ ਬੰਦ ਹੋ ਗਿਆ ਹੈ।

ਇਸ ਤੋਂ ਇਲਾਵਾ ਪਾਰਲੇ ਪਾਸੇ ਜੋ ਲੋਕ ਆਪਣਾ ਦੁੱਧ ਦਾ ਕਾਰੋਬਾਰ ਕਰਦੇ ਸਨ, ਉਨ੍ਹਾਂ ਦਾ ਵੀ ਦੁੱਧ ਅੱਜ ਬਿਲਕੁਲ ਖਰਾਬ ਹੋ ਰਿਹਾ ਹੈ ਅਤੇ ਹਜ਼ਾਰ ਰੁਪਇਆਂ ਦਾ ਨੁਕਸਾਨ ਹੋ ਗਿਆ, ਜਿਸ ਕਾਰਨ ਸਾਨੂੰ ਅੱਜ ਤੋਂ ਹੀ ਆਉਣ ਵਾਲੇ ਦਿਨਾਂ ਦੀ ਚਿੰਤਾ ਸਤਾਉਣ ਲੱਗ ਪਈ ਹੈ।

ਇਸ ਸਬੰਧੀ ਕਿਸ਼ਤੀ ਦੇ ਮਲਾਹ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਵੀ ਪਾਣੀ ਦਾ ਪੱਧਰ ਕੁਝ ਹੱਦ ਤੱਕ ਘੱਟਦਾ ਹੈ ਤਾਂ ਉਸ ਸਮੇਂ ਹੀ ਕਿਸ਼ਤੀ ਆਮ ਦੀ ਤਰ੍ਹਾਂ ਚਾਲੂ ਕਰ ਦਿੱਤੀ ਜਾਵੇਗੀ।

Read More : ਪੰਜਾਬ ਸਰਕਾਰ ਮੰਡੀਆਂ ’ਚ ਪਲਾਟਾਂ ਤੇ ਦੁਕਾਨਾਂ ਦੇ ਬਕਾਏ ਲਈ ਲਿਆਏਗੀ ਓਟੀਐੱਸ

Leave a Reply

Your email address will not be published. Required fields are marked *